ਬਠਿੰਡਾ, 6 ਜੁਲਾਈ (ਸੱਤਪਾਲ ਸਿੰਘ ਸਿਵੀਆਂ)- ਪੀ.ਡਬਲਿਊ. ਡੀ. ਵਾਟਰ ਸਪਲਾਈ ਐਂਡ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਬਠਿੰਡਾ ਨੇ ਕਰਮਚਾਰੀਆਂ ਦੀ ਤਨਖ਼ਾਹਾਂ ਦੀ ਬਹਾਲੀ ਲਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਮੂਹਰੇ ਗੱਜਣ ਦਾ ਐਲਾਨ ਕੀਤਾ ਹੈ, ਜਿਸ ਸਬੰਧੀ ਸਥਾਨਕ ਚਿਲਡਰਨ ਪਾਰਕ ਵਿਖੇ ਤਾਲਮੇਲ ਕਮੇਟੀ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਤਾਲਮੇਲ ਕਮੇਟੀ ਦੇ ਕਨਵੀਨਰ ਉਮੇਦ ਸਿੰਘ ਬਿਸਟ, ਗੁਰਬਖ਼ਸ਼ ਸਿੰਘ ਜੱਸੀ ਤੇ ਗੁਰਤੇਜ ਸਿੰਘ ਗਿੱਲ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਮੰਡਲ ਨੰਬਰ-1 ਬਠਿੰਡਾ ਅਧੀਨ ਕੰਮ ਕਰਦੇ 157 ਕਰਮਚਾਰੀਆਂ ਦੀਆਂ ਪਿਛਲੇ ਮਹੀਨੇ ਦੀਆਂ ਤਨਖ਼ਾਹਾਂ ਅਜੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ ਤੇ ਅਜਿਹਾ ਹਰ ਵਾਰ ਕੀਤਾ ਜਾਂਦਾ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਘਰੇਲੂ ਖ਼ਰਚਿਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ‘ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 8 ਜੁਲਾਈ ਤੱਕ ਤਨਖ਼ਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ 9 ਜੁਲਾਈ ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਨੰਬਰ-1 ਬਠਿੰਡਾ ਅਤੇ ਏ.ਸੀ.ਐਫ. ਸਰਕਲ ਬਠਿੰਡਾ ਦੇ ਦਫ਼ਤਰਾਂ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਦੀਆਂ ਤਿਆਰੀ ਮੁਕੰਮਲ ਕਰ ਲਈਆਂ ਹਨ। ਇਸ ਮੌਕੇ ਕੋ-ਕਨਵੀਨਰ ਜਸਵਿੰਦਰ ਸਿੰਘ ਕਾਲਝਰਾਣੀ, ਰਾਜ ਸਿੰਘ ਹੱਸੂ, ਕ੍ਰਿਸ਼ਨ ਸਿੰਘ ਜੰਗੀਰਾਣਾ, ਅਸ਼ੋਕ ਸ਼ਰਮਾ, ਬਲਵਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਰਾਜਗੜ੍ਹ, ਹਰਦੀਪ ਸਿੰਘ ਬਠਿੰਡਾ, ਗੁਰਲਾਲ ਸਿੰਘ ਬੰਗੀ ਅਤੇ ਪ੍ਰੇਮ ਨਾਥ ਆਦਿ ਮੌਜੂਦ ਸਨ।
ਤਨਖ਼ਾਹਾਂ ਜਾਰੀ ਕਰਵਾਉਣ ਲਈ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਅੱਗੇ ਰੋਸ ਧਰਨਾ 9 ਨੂੰ
ਅਜੀਤ ਡੈਸਕ
07-07-2026