ਰਾਮਪੁਰਾ ਫੂਲ, 7 ਜੁਲਾਈ (ਹੇਮੰਤ ਕੁਮਾਰ ਸ਼ਰਮਾ)‘ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿਖੇ ਸਕੂਲ ਦੇ ਨਵੇਂ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੇ ਆਪਣਾ ਅਹੁਦਾ ਸੰਭਾਲਿਆ ਤੇ ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਲੋਂ ਉਨ੍ਹਾਂ ਦੇ ਨਿੱਘੇ ਸਵਾਗਤ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਬੈਂਡ ਸਵਾਗਤੀ ਧੁਨਾਂ ਦੇ ਨਾਲ ਨਵੇਂ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੂੰ ਸਕੂਲ ਦੇ ਸਟੇਜ ਉੱਤੇ ਲੈ ਕੇ ਆਇਆ। ਉਨ੍ਹਾਂ ਦਾ ਸਵਾਗਤ ਸਕੂਲ ਦੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਕੋਆਰਡੀਨੇਟਰ ਮੈਡਮ ਪ੍ਰੇਮ ਲਤਾ, ਮੈਡਮ ਅੰਜੂ ਬਾਲਾ ਅਤੇ ਸਾਰੇ ਸਟਾਫ਼ ਮੈਂਬਰਾਂ ਨੇ ਕੀਤਾ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਗਾ ਕੇ ਆਪਣੇ ਨਵੇਂ ਪ੍ਰਿੰਸੀਪਲ ਨੂੰ ਜੀ ਆਇਆ ਕਿਹਾ। ਬੱਚਿਆਂ ਵਲੋਂ ਯੋਗਾ ਦੇ ਨਾਲ-ਨਾਲ ਡਾਂਸ ਪੇਸ਼ ਕਰਕੇ ਇਕ ਵਿਲੱਖਣ ਪੇਸ਼ਕਾਰੀ ਪੇਸ਼ ਕੀਤੀ। ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਆਪਣੇ ਭਾਸ਼ਣ ਰਾਹੀਂ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਦੇ ਵੱਖ- ਵੱਖ ਸਕੂਲਾਂ ਵਿਚ ਕੀਤੇ ਵਧੀਆ ਕੰਮਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਕੋਆਰਡੀਨੇਟਰ ਆਫ਼ ਐਜੂਕੇਸ਼ਨ ਦਾ ਸੋਸਾਇਟੀ ਆਫ਼ ਪਿਲਾਰ ਦੇ ਅਹੁਦੇ ਉੱਪਰ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਨਵੇਂ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਭਾਗ ਲੈਣ ਲਈ ਅਤੇ ਸਕੂਲ ਵਿਚ ਅਨੁਸ਼ਾਸਨ ਬਣਾਈ ਰੱਖਣ ਦਾ ਸੱਦਾ ਦਿੱਤਾ। ਸਕੂਲ ਦੇ ਸੁਪਰੀਮ ਹੈਡ ਬੁਆਏ ਅਤੇ ਸੁਪਰੀਮ ਹੈਡ ਗਰਲ ਨੇ ਵੋਟ ਆਫ਼ ਥੈਂਕਸ ਕੀਤਾ। ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਅਤੇ ਸਾਰੇ ਸਟਾਫ਼ ਵਲੋਂ ਨਵੇਂ ਪ੍ਰਿੰਸੀਪਲ ਨੂੰ ਉਨ੍ਹਾਂ ਦੀ ਯੋਗ ਅਗਵਾਈ ਵਿਚ ਕੰਮ ਕਰਨ ਦਾ ਭਰੋਸਾ ਦਿੱਤਾ।
ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿਖੇ ਨਵੇਂ ਪ੍ਰਿੰਸੀਪਲ ਜੈਰੀ ਪੌਲ ਲੋਬੋ ਦਾ ਕੀਤਾ ਨਿੱਘਾ ਸਵਾਗਤ
ਅਜੀਤ ਡੈਸਕ
08-07-2026