ਮਹਿਰਾਜ 7 ਜੁਲਾਈ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਦੀ ਸ਼ਾਨ ਰਵਿੰਦਰ ਧਾਲੀਵਾਲ ਨੂੰ ‘ਪੰਜਾਬ ਦਾ ਪੁੱਤ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸੁਖਰਾਜ ਸਿੰਘ ਸੋਹਲ, ਚੇਅਰਮੈਨ ਸਰਬੱਤ ਦਾ ਭਲਾ ਇੰਸਟੀਚਿਊਟ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸੇਵਾਦਾਰ ਹਲਕਾ ਪੂਰਬੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਪ੍ਰਦਾਨ ਕੀਤਾ ਗਿਆ। ਇਹ ਐਵਾਰਡ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵੱਲੋਂ ਭੇਟ ਕੀਤਾ ਗਿਆ। ਸਨਮਾਨ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸਨਮਾਨ ਸਮਾਜ ਵਿੱਚ ਚੰਗੇ ਕੰਮ ਕਰਨ ਵਾਲੇ ਵਿਅਕਤੀਆਂ ਦੀ ਹੌਸਲਾ ਅਫਜ਼ਾਈ ਕਰਦੇ ਹਨ ਅਤੇ ਨੌਜਵਾਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਰਵਿੰਦਰ ਧਾਲੀਵਾਲ ਨੇ ਆਪਣੇ ਕੰਮਾਂ ਸਦਕਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਇਸ ਮਾਣਮੱਤੇ ਸਨਮਾਨ ਲਈ ਚੁਣਿਆ ਗਿਆ ਹੈ। ਇਸ ਮੌਕੇ ਰਵਿੰਦਰ ਧਾਲੀਵਾਲ ਨੇ ਸਰਬੱਤ ਦਾ ਭਲਾ ਇੰਸਟੀਚਿਊਟ, ਸੁਖਰਾਜ ਸਿੰਘ ਸੋਹਲ ਅਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ ਅਤੇ ਉਹ ਭਵਿੱਖ ਵਿੱਚ ਵੀ ਹੋਰ ਮਿਹਨਤ ਅਤੇ ਸਮਰਪਣ ਨਾਲ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਇਸ ਸਨਮਾਨ ਮਿਲਣ ’ਤੇ ਲੋਕਲ ਗੁਰਦੁਆਰਾ ਬਾਬਾ ਫਲਾਈਆ ਵਾਲਾ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਮੁੱਚੇ ਖੇਡ ਕਲੱਬ , ਨਗਰ ਵਾਸੀ ਅਤੇ ਇਲਾਕੇ ਦੇ ਲੋਕਾਂ, ਦੋਸਤਾਂ, ਰਿਸ਼ਤੇਦਾਰਾਂ ਅਤੇ ਸ਼ੁਭਚਿੰਤਕਾਂ ਵਲੋਂ ਰਵਿੰਦਰ ਧਾਲੀਵਾਲ ਨੂੰ ਵਧਾਈਆਂ ਦਿੱਤੀਆਂ ਗਈਆਂ।
ਪਿੰਡ ਦੀ ਸ਼ਾਨ ਰਵਿੰਦਰ ਧਾਲੀਵਾਲ ਨੂੰ ‘ਪੰਜਾਬ ਦਾ ਪੁੱਤ’ ਐਵਾਰਡ ਨਾਲ ਕੀਤਾ ਸਨਮਾਨਿਤ
ਅਜੀਤ ਡੈਸਕ
08-07-2026