ਬਠਿੰਡਾ, 10 ਜੁਲਾਈ (ਪ੍ਰੀਤਪਲ ਸਿੰਘ ਰੋਮਾਣਾ)- ਨੌਕਰੀ ਦੀ ਉਮੀਦ ਲੈ ਕੇ ਘਰੋਂ ਇੰਟਰਵਿਊ ਦੇਣ ਜਾ ਰਹੀ 21 ਸਾਲਾਂ ਨੌਜਵਾਨ ਲੜਕੀ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਹਿਚਾਣ ਰਾਜੀਵ ਗਾਂਧੀ ਕਾਲੋਨੀ ਦੀ ਵਸਨੀਕ ਅਤੇ ਪੀ.ਐਸ.ਪੀ.ਸੀ.ਐਲ. ਵਿਚ ਜੂਨੀਅਰ ਇੰਜੀਨੀਅਰ ਅਮਿਤ ਭੂਟਾਨੀ ਦੀ ਧੀ ਸਾਨੀਆ ਭੂਟਾਨੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ 9 ਜੁਲਾਈ ਨੂੰ ਸਾਨੀਆ ਆਪਣੇ ਕੁਝ ਸਾਥੀਆਂ ਨਾਲ ਕਾਰ ਰਾਹੀਂ ਨਿੱਜੀ ਇੰਸਟੀਚਿਊਟ ਵਿਚ ਇੰਟਰਵਿਊ ਦੇਣ ਲਈ ਜਾ ਰਹੀ ਸੀ। ਜਦੋਂ ਉਨ੍ਹਾਂ ਦੀ ਕਾਰ ਮਲੋਟ ਰੋਡ ਸਥਿਤ ਫਲਾਈਓਵਰ ‘ਤੇ ਪਹੁੰਚੀ ਤਾਂ ਅਚਾਨਕ ਦਾ ਵਾਹਨ ਸੰਤੁਲਨ ਵਿਗੜਨ ਕਾਰਨ ਕਾਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਸਾਨੀਆ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਦਕਿ ਕਾਰ ਵਿਚ ਸਵਾਰ ਹੋਰ ਲੋਕਾਂ ਨੂੰ ਵੀ ਸੱਟਾਂ ਲੱਗ ਗਈਆਂ, ਜਿਨ੍ਹਾਂ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਰੂਪ ‘ਚ ਜ਼ਖ਼ਮੀ ਸਾਨੀਆ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਸਾਨੀਆ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਅਨੁਸਾਰ ਸਾਨੀਆ ਪੜ੍ਹਾਈ ਵਿਚ ਹੋਣਹਾਰ, ਸ਼ਾਂਤ ਸੁਭਾਅ ਦੀ ਅਤੇ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਇੰਟਰਵਿਊ ਦੇਣ ਲਈ ਨਿਕਲੀ ਸਾਨੀਆ ਨਾਲ ਵਾਪਰੇ ਇਸ ਦਰਦਨਾਕ ਹਾਦਸੇ ਨੇ ਪਰਿਵਾਰ ਦੇ ਸਾਰੇ ਸੁਪਨੇ ਇਕ ਪਲ ਵਿਚ ਚਕਨਾਚੂਰ ਕਰ ਦਿੱਤੇ। ਇਸ ਦੁਖਦ ਘਟਨਾ ‘ਤੇ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।