ਨਥਾਣਾ, 28 ਜਨਵਰੀ (ਲੁੱਧੜ): ਆਸ-ਪਾਸ ਪਿੰਡਾਂ ਵਿਚਲੇ ਖੇਤਾਂ ਵਿਚ ਬਿਜਲੀ ਟਰਾਂਸਫ਼ਾਰਮਰਾਂ ਦੇ ਸਮਾਨ ਦੀਆਂ ਵਧਦੀਆਂ ਚੋਰੀਆਂ ਨੇ ਕਿਸਾਨਾਂ ਨੂੰ ਪੀੜਤ ਕਰ ਰੱਖਿਆ ਹੈ | ਪਿੰਡ ਕਲਿਆਣ ਸੁੱਖਾ ਦੇ ਕਿਸਾਨਾਂ ਹਰਮੀਤ ਸਿੰਘ, ਜਗਸੀਰ ਸਿੰਘ ਅਤੇ ਪਿੰਡ ਪੂਹਲਾ ਦੇ ਕਿਸਾਨ ਹਰਮੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਬੀਤੀ ਰਾਤ ਟਰਾਂਸਫ਼ਾਰਮਰਾਂ ਦਾ ਤੇਲ ਚੋਰੀ ਹੋਇਆ ਹੈ | ਇਸ ਤੋਂ ਪਹਿਲਾਂ ਪਿੰਡ ਭੈਣੀ ਅਤੇ ਕਲਿਆਣ ਦੇ ਹੋਰਨਾਂ ਖੇਤਾਂ ਵਿਚੋਂ ਵੀ ਟਰਾਂਸਫ਼ਾਰਮਰਾਂ ਦਾ ਸਮਾਨ ਚੋਰੀ ਹੋ ਚੁੱਕਿਆ ਹੈ, ਅਜਿਹੀ ਸਥਿਤੀ ਵਿਚ ਜਿੱਥੇ ਕਿਸਾਨਾਂ ਨੂੰ ਟਰਾਂਸਫ਼ਾਰਮਰਾਂ ਦੀ ਬਿਜਲੀ ਬਹਾਲ ਕਰਵਾਉਣ ਵਾਸਤੇ ਭੱਜ ਨੱਠ ਕਰਨੀ ਪੈ ਰਹੀ ਹੈ, ਉੱਥੇ ਟਿਊਬਵੈੱਲਾਂ ਦੇ ਸਾਧਨਾਂ ਦੀ ਖੜੋਤ ਹੋਣ ਕਰਕੇ ਸਿੰਚਾਈ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ | ਵੱਖ-ਵੱਖ ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਪੁਲਿਸ ਵਲੋਂ ਇਤਲਾਹ ਮਿਲਣ ਉਪਰੰਤ ਸਿਰਫ਼ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨਾ ਹੀ ਕਾਫੀ ਨਹੀਂ, ਸਗੋਂ ਪੁਲਿਸ ਨੂੰ ਰਾਤ ਸਮੇਂ ਆਪਣੀਆਂ ਸਰਗਰਮੀਆਂ ਵੀ ਵਧਾਉਣੀਆਂ ਚਾਹੀਦੀਆਂ ਹਨ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਟਰਾਂਸਫ਼ਾਰਮਰਾਂ ਦੀਆਂ ਚੋਰੀਆਂ ਲੱਭਣ ਲਈ ਵੀ ਕਾਰਵਾਈ ਕਰਨੀ ਚਾਹੀਦੀ ਹੈ |