ਬਠਿੰਡਾ, 28 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਨਗਰ ਨਿਗਮ 'ਚ ਤੈਨਾਤ ਕੱਚੇ ਸੀਵਰੇਜ਼ ਵਰਕਰਾਂ ਵਲੋਂ ਆਪਣੀਆਂ ਮੰਗਾਂ ਨੂੰ ਨਗਰ ਨਿਗਮ ਦਫ਼ਤਰ ਘਿਰਾਓ ਕਰਦੇ ਹੋਏ ਗੇਟ ਰੈਲੀ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨਿਗਮ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਗੇਟ ਰੈਲੀ ਨੂੰ ਦੇਖਦੇ ਹੋਏ ਨਿਗਮ ਅਧਿਕਾਰੀਆਂ ਵਲੋਂ ਯੂਨੀਅਨ ਦੇ ਆਗੂਆਂ ਨਾਲ ਇਕ ਮੀਟਿੰਗ ਕੀਤੀ ਗਈ, ਪਰ ਮੀਟਿੰਗ ਬੇਸਿੱਟਾ ਰਹਿਣ ਦੇ ਰੋਸ ਵਜੋਂ ਸੀਵਰੇਜ਼ ਵਰਕਰਾਂ ਵਲੋਂ ਗੇਟ ਰੈਲੀ ਨੂੰ ਜਾਰੀ ਰੱਖਿਆ ਗਿਆ | ਇਸ ਮੌਕੇ ਯੂਨੀਅਨ ਦੇ ਚੇਅਰਮੈਨ ਸੰਤ ਰਾਮ ਨੇ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਕੱਚੇ ਸੀਵਰੇਜ਼ ਵਰਕਰਾਂ ਵਲੋਂ ਪਿਛਲੇ 19-20 ਸਾਲ ਤੋਂ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆ ਹਨ, ਪਰ ਉਨ੍ਹਾਂ ਨੂੰ ਪੱਕਾ ਨਾ ਕਰਕੇ ਸਿਰਫ਼ ਲਾਅਰੇ ਲਗਾਏ ਜਾ ਰਹੇ ਹਨ | ਜਿਸ ਕਾਰਨ ਉਹ ਗੇਟ ਰੈਲੀ ਕਰਨ ਲਈ ਮਜਬੂਰ ਹੋ ਰਹੇ ਹਨ | ਇਸ ਦੌਰਾਨ ਸੀਵਰੇਜ਼ਮੈਨ ਯੂਨੀਅਨ ਦੇ ਆਗੂ ਬਿੱਟੂ ਨੇ ਦੱਸਿਆ ਕਿ ਉਹ ਪਿਛਲੇ 19 ਸਾਲ ਤੋਂ ਸੀਵਰੇਜ਼ ਵਰਕਰ ਵਜੋਂ ਨੌਕਰੀ ਕਰ ਰਹੇ ਹਨ | ਪਹਿਲਾ ਸੀਵਰੇਜ਼ ਵਰਕਰ ਸੀਵਰੇਜ਼ ਬੋਰਡ ਕੋਲ ਸੀ, ਹੁਣ ਇਸ ਨੂੰ ਨਿਗਮ 'ਚ ਮਰਜ਼ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅੱਜ ਮਹਿੰਗਾਈ ਦੇ ਦੌਰ ਵਿਚ ਉਨ੍ਹਾਂ ਦੀ ਤਨਖ਼ਾਹ ਨਾਮਾਤਰ ਹੈ | ਪਰਿਵਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਹ ਆਪਣੀਆਂ ਮੰਗਾਂ ਸੰਬੰਧੀ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ, ਇਸ ਦੇ ਬਾਵਜੂਦ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀ ਹੋ ਰਹੀ | ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਲਗਾਤਾਰ ਧਰਨੇ ਅਤੇ ਗੇਟ ਰੈਲੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਨਹੀ ਤਾਂ ਆਉਣ ਵਾਲੇ ਦਿਨਾਂ 'ਚ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |