ਬਠਿੰਡਾ, 28 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ): ਬਠਿੰਡਾ ਜ਼ਿਲੇ੍ਹ ਵਿਚ ਕੁਲ 268 ਪਿੰਡ ਹਨ, ਪਰ ਕਲੱਬਾਂ ਦੀ ਗਿਣਤੀ ਬੇਹਿਸਾਬੀ ਹੈ | ਪਿੰਡਾਂ ਆਪਸੀ ਗੁੱਟਬੰਦੀਆਂ ਕਰਕੇ ਵੱਖੋ-ਵੱਖਰੇ ਕਲੱਬ ਬਣ ਗਏ ਹਨ | ਕੋਈ ਕਲੱਬ ਨਹਿਰੂ ਯੁਵਾ ਕੇਂਦਰ ਨਾਲ ਸੰਬੰਧਿਤ ਹੈ ਅਤੇ ਕੋਈ ਯੁਵਕ ਸੇਵਾਵਾਂ ਵਿਭਾਗ ਕੋਲ ਰਜਿਸਟਡ ਹੈ | ਕੁਝ ਅਜੇ ਵੀ ਹਨ, ਜਿਹੜੇ ਕਿਸੇ ਨਾਲ ਵੀ ਰਜਿਸਟਡ ਨਹੀਂ | ਅਜੋਕੇ ਸਮੇਂ ਇਕੱਲੇ ਯੁਵਕ ਸੇਵਾਵਾਂ ਵਿਭਾਗ ਨਾਲ 510 ਕਲੱਬ ਰਜਿਸਟਡ ਹਨ, ਪਰ ਉਨ੍ਹਾਂ ਵਿਚੋਂ ਬਹੁਤਿਆਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਹੈ | ਹੁਣ ਵਿਭਾਗ ਨੇ ਅਜਿਹੇ ਕਲੱਬਾਂ ਦੀ ਮਾਨਤਾ ਰੱਦ ਕਰਨ ਦੀ ਕਾਰਵਾਈ ਆਰੰਭੀ ਹੈ, ਜਿਨ੍ਹਾਂ ਦੀ ਪਿਛਲੇ ਸਮੇਂ ਦੌਰਾਨ ਕੋਈ ਸਰਗਰਮੀ ਨਹੀਂ ਹੈ | ਇਸ ਸੰਬੰਧੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਯੂਥ ਕਲੱਬ ਐਫੀਲੀਏਸ਼ਨ ਪਾਲਿਸੀ-2025 ਤਹਿਤ ਜ਼ਿਲ੍ਹੇ ਦੇ ਯੁਵਕ ਸੇਵਾਵਾਂ ਵਿਭਾਗ ਨਾਲ ਐਫੀਲੀਏਟਡ ਸਾਰੇ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾ ਰਹੀ ਹੈ¢ ਇਸ ਸਬੰਧ ਵਿਚ 21 ਜਨਵਰੀ 2026 ਨੂੰ ਅਖ਼ਬਾਰਾਂ ਰਾਹੀਂ ਜਨਤਕ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਅਨੁਸਾਰ ਗੈਰ-ਸਰਗਰਮ ਯੂਥ ਕਲੱਬਾਂ ਦੀ ਐਫੀਲੀਏਸ਼ਨ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ¢ ਡਿਪਟੀ ਕਮਿਸ਼ਨਰ ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵਲੋਂ ਲਾਗੂ ਕੀਤੀ ਗਈ, ਯੂਥ ਕਲੱਬ ਪਾਲਿਸੀ-2025 ਨਾਲ ਜ਼ਿਲ੍ਹੇ ਵਿਚ ਯੂਥ ਕਲੱਬਾਂ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ ਅਤੇ ਸਰਗਰਮ ਕਲੱਬਾਂ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾਵੇਗਾ¢ ਉਨ੍ਹਾਂ ਦੱਸਿਆ ਕਿ ਨਵੀਂ ਪਾਲਿਸੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਮਾਜਕ, ਖੇਡ ਅਤੇ ਸੇਵਾ-ਭਾਵਨਾ ਗਤੀਵਿਧੀਆਂ ਨਾਲ ਜੋੜਨਾ ਹੈ¢ ਰਾਜੇਸ਼ ਧੀਮਾਨ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਨਾਲ ਐਫੀਲੀਏਟਡ ਯੂਥ ਕਲੱਬਾਂ ਨੂੰ ਆਪਣੀ ਪਿਛਲੇ ਤਿੰਨ ਸਾਲਾਂ (2023-24, 2024-25 ਅਤੇ 2025-26) ਦੀ ਕਾਰਗੁਜ਼ਾਰੀ ਦਾ ਪੂਰਾ ਵੇਰਵਾ ਸਬੂਤਾਂ ਸਮੇਤ ਨੋਟਿਸ ਜਾਰੀ ਹੋਣ ਦੀ ਮਿਤੀ ਤੋਂ 45 ਦਿਨ੍ਹਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ¢ ਇਹ ਰਿਪੋਰਟ ਦਫ਼ਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਡੀ.ਏ.ਸੀ. ਕੰਪਲੈਕਸ, ਬਠਿੰਡਾ ਦੇ ਦਫ਼ਤਰ ਵਿਚ ਜਮ੍ਹਾਂ ਕਰਵਾਈ ਜਾਣੀ ਲਾਜ਼ਮੀ ਹੈ¢ ਇਸ ਮੌਕੇ ਡਾ. ਮਲਕੀਤ ਸਿੰਘ ਮਾਨ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਇਸ ਸਮੇਂ ਯੁਵਕ ਸੇਵਾਵਾਂ ਵਿਭਾਗ ਨਾਲ ਕੁੱਲ 510 ਯੂਥ ਕਲੱਬ ਐਫੀਲੀਏਟਡ ਹਨ, ਪਰ ਇਨ੍ਹਾਂ ਵਿਚੋਂ ਕਈ ਕਲੱਬਾਂ ਦੀ ਕਾਰਗੁਜ਼ਾਰੀ ਸੰਤੋਖਜਨਕ ਨਹੀਂ ਪਾਈ ਗਈ¢ ਉਨ੍ਹਾਂ ਸਪੱਸ਼ਟ ਕੀਤਾ ਕਿ ਨਿਰਧਾਰਿਤ ਸਮੇਂ ਅੰਦਰ ਕਾਰਗੁਜ਼ਾਰੀ ਰਿਪੋਰਟ ਜਮ੍ਹਾਂ ਨਾ ਕਰਵਾਉਣ ਵਾਲੇ ਯੂਥ ਕਲੱਬਾਂ ਨੂੰ ਗੈਰ-ਸਰਗਰਮ ਮੰਨਿਆ ਜਾਵੇਗਾ ਅਤੇ ਉਨ੍ਹਾਂ ਦੀ ਐਫੀਲੀਏਸ਼ਨ ਰੱਦ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ¢