ਮਹਿਮਾ ਸਰਜਾ, 8 ਅਪ੍ਰੈਲ (ਬਲਦੇਵ ਸੰਧੂ)-ਪੰਜਾਬ ਵਿਚ ਕਣਕ ਦੀ ਸਰਕਾਰੀ ਖਰੀਦ ਦਾ ਸੀਜਨ 1 ਅਪ੍ਰੈਲ 2026 ਤੋਂ ਰਸਮੀ ਤੌਰ 'ਤੇ ਸ਼ੁਰੂ ਹੋ ਗਿਆ ਹੈ, ਉਧਰ ਆੜ੍ਹਤੀਏ ਆੜ੍ਹਤ ਦੇ ਕਮਿਸ਼ਨ ਨੂੰ ਲੈ ਕੇ ਪੰਜਾਬ ਵਿਚ ਅਣਮਿੱਥੇ ਸਮੇਂ ਲਈ ਹੜ੍ਹਤਾਲ 'ਤੇ ਚੱਲ ਰਹੇ ਸਨ, ਜੋ ਹੜ੍ਹਤਾਲ ਪੰਜਾਬ ਆੜ੍ਹਤੀਆ ਫੈਡਰੇਸ਼ਨ ਵਲੋਂ ਮੁਲਤਵੀ ਕਰ ਦਿੱਤੀ ਹੈ | ਆੜ੍ਹਤੀਆਂ ਦੀ ਹੜ੍ਹਤਾਲ ਕਾਰਨ ਵੀ ਖਰੀਦ ਪ੍ਰਕਿਰਿਆ ਪਹਿਲਾਂ ਹੀ ਪ੍ਰਭਾਵਿਤ ਹੋ ਰਹੀ ਸੀ | ਪੰਜਾਬ ਵਿਚ ਮੌਸਮ ਵਿਚ ਅਚਾਨਕ ਤਬਦੀਲੀ ਕਾਰਨ ਅੱਜ ਅਨਾਜ ਮੰਡੀਆਂ ਵਿਚ ਕਣਕ ਦੀ ਖਰੀਦ ਤੇ ਆਮਦ ਪ੍ਰਭਾਵਿਤ ਰਹੀ | ਬੇਮੌਸਮੀ ਮੀਂਹ ਅਤੇ ਬੱਦਲਾਂ ਵਾਲੇ ਮੌਸਮ ਕਾਰਨ ਕਿਸਾਨ ਆਪਣੀ ਫ਼ਸਲ ਮੰਡੀਆਂ ਵਿਚ ਲਿਆਉਣ ਤੋਂ ਹਿਚਕਿਚਾਏ, ਜਿਸ ਨਾਲ ਕਈ ਥਾਵਾਂ 'ਤੇ ਖਰੀਦ ਪ੍ਰਕਿਰਿਆ ਠੱਪ ਰਹੀ | ਬਠਿੰਡਾ ਦੇ ਮਹਿਮਾ ਸਰਜਾ ਅਨਾਜ ਕੇਂਦਰ ਵਿਚ ਵੀ ਇਸ ਤੋਂ ਪਹਿਲਾਂ 5 ਹਜ਼ਾਰ ਦੇ ਕਰੀਬ ਗੱਟੇ ਦੀ ਆਮਦ ਪੁੱਜ ਚੁੱਕੀ ਹੈ, ਪਰ ਜਿੱਥੇ ਅੱਜ ਖਰੀਦ ਨਹੀਂ ਹੋ ਸਕੀ | ਮੰਡੀਆਂ ਵਿਚ ਪਹਿਲਾਂ ਹੀ ਆਈ ਫ਼ਸਲ ਵੀ ਭਿੱਜਣ ਦੇ ਖ਼ਤਰੇ ਕਾਰਨ ਖੁੱਲ੍ਹੇ ਵਿਚ ਪਈ ਰਹੀ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ | ਜਿੱਥੇ ਕਈ ਮੰਡੀਆਂ ਵਿਚ ਸਰਕਾਰੀ ਪ੍ਰਬੰਧਾਂ ਦੀ ਵੀ ਘਾਟ ਵੇਖਣ ਨੂੰ ਮਿਲੀ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਪਏ ਬੇਮੌਸਮੀ ਮੀਂਹ ਅਤੇ ਗੜੇ੍ਹਮਾਰੀ ਕਾਰਨ ਮਾਲਵਾ ਅਤੇ ਮਾਝਾ ਖੇਤਰਾਂ ਵਿਚ ਕਣਕ ਦੀ ਪੱਕੀ ਹੋਈ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮੌਸਮ ਇਸੇ ਤਰ੍ਹਾਂ ਅਸਥਿਰ ਰਹਿੰਦਾ ਹੈ ਤਾਂ ਫ਼ਸਲ ਨੂੰ ਹੋਰ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਤੁਰੰਤ ਪ੍ਰਬੰਧ ਕੀਤੇ ਜਾਣ ਅਤੇ ਨੁਕਸਾਨ ਦੀ ਭਰਪਾਈ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ |