ਤਲਵੰਡੀ ਸਾਬੋ, 19 ਅਪ੍ਰੈਲ (ਰਣਜੀਤ ਸਿੰਘ ਰਾਜੂ)-ਸੂਬੇ ਦਾ ਨਕਸ਼ਾ ਬਦਲ ਦੇਣ ਦੇ ਦਾਅਵਿਆਂ ਨਾਲ ਭਾਰੀ ਲੋਕ ਸਮੱਰਥਨ ਹਾਸਲ ਕਰਕੇ ਸੂਬੇ ਦੀ ਸੱਤਾ ਤੱਕ ਪਹੁੰਚੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਵਾ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਉਪਰੰਤ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਇਹ ਸਰਕਾਰ ਵਿਕਾਸ ਦੇ ਕੰਮਾਂ 'ਚ ਫਾਡੀ ਸਾਬਿਤ ਹੋਈ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਨਿੱਜੀ ਪ੍ਰੋਗਰਾਮਾਂ 'ਚ ਹਾਜ਼ਰੀ ਭਰਨ ਉਪਰੰਤ ਇੱਥੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹੋਰਨਾਂ ਪਿੰਡਾਂ ਦੀ ਤਾਂ ਛੱਡੋ ਪੰਜਾਬ ਦੇ ਵਿਧਾਇਕਾਂ ਦੇ ਆਪਣੇ ਪਿੰਡਾਂ ਦੀ ਕਦੇ ਹਾਲਤ ਜਾ ਕੇ ਦੇਖ ਲਿਉ ਉਨਾਂ ਨੇ ਸਵਾ ਚਾਰ ਸਾਲ 'ਚ ਆਪਣੇ ਪਿੰਡਾਂ ਦੀ ਕਾਇਆ ਕਲਪ ਕਰਨ ਦੀ ਕੋਸ਼ਿਸ਼ ਨਹੀਂ ਕੀਤੀ | ਸਿੱਧੂ ਨੇ ਕਿਹਾ ਕਿ ਪਿੰਡਾਂ ਵਾਂਗ ਕਸਬਿਆਂ ਤੇ ਛੋਟੇ ਸ਼ਹਿਰਾਂ ਚ ਬੁਨਿਆਦੀ ਸਹੂਲਤਾਂ ਦੀ ਪੂਰਤੀ ਲਈ ਲੋੜੀਂਦੇ ਫ਼ੰਡ ਹੀ ਜਾਰੀ ਨਹੀਂ ਕੀਤੇ ਗਏ | ਲੋਕ ਭਲਾਈ ਸਕੀਮਾਂ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਦਮ ਤੋੜਦੀਆਂ ਨਜ਼ਰ ਆ ਰਹੀਆਂ ਹਨ ਕੋਈ ਨਵੀਂ ਸਕੀਮ ਤਾਂ ਦੇਣੀ ਕੀ ਸੀ | ਸਿੱਧੂ ਮੁਤਾਬਿਕ ਪਿਛਲੇ ਸਮਿਆਂ ਚ ਸ਼ਹਿਰਾਂ 'ਚ ਬਣਾਏ ਪਾਰਕ ਸਾਂਭ ਸੰਭਾਲ ਖੁਣੋ ਉਜਾੜ ਦਾ ਰੂਪ ਧਾਰਦੇ ਜਾ ਰਹੇ ਹਨ | ਪਿੰਡਾਂ 'ਚ ਜ਼ਿੰਮ ਬਣਾਏ ਗਏ ਸਨ ਤਾਂਕਿ ਨੌਜਵਾਨ ਖੇਡਾਂ ਨਾਲ ਜੁੜ ਸਕਣ ਪਰ ਮੌਜੂਦਾ ਸਰਕਾਰ ਨੇ ਹੁਣ ਕਦੇ ਕਿਸੇ ਖੇਡ ਕਲੱਬ ਨੂੰ ਕਿ੍ਕੇਟ ਕਿੱਟ ਤੱਕ ਨਹੀ ਦਿੱਤੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2027 ਚੋਣਾਂ ਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ | ਦੌਰੇ ਦੌਰਾਨ ਸਿੱਧੂ ਨੇ ਆਪਣੇ ਕਰੀਬੀ ਸਾਥੀ ਮਹਿੰਦਰ ਸਿੰਘ ਸਾਬਕਾ ਸਰਪੰਚ ਜੰਬਰ ਬਸਤੀ ਦੀ ਅੰਤਿਮ ਅਰਦਾਸ 'ਚ ਅਤੇ ਤਲਵੰਡੀ ਸਾਬੋ 'ਚ ਕਰਨੈਲ ਸਿੰਘ ਤੇ ਮੋਹਣ ਸਿੰਘ ਦੀ ਮਾਤਾ ਦੇ ਅੰਤਿਮ ਸਸਕਾਰ ਮੌਕੇ ਹਾਜ਼ਰੀ ਭਰੀ | ਉਨਾਂ ਨਾਲ ਅਮਰਜੀਤ ਸਿੰਘ ਚੀਮਾ, ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਕਿ੍ਸ਼ਨ ਯਾਦਵ, ਸੁਰਜੀਤ ਸ਼ਰਮਾ ਜਗਾ, ਗੁਰਾਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਗੁਰਮੀਤ ਸਿੰਘ ਜਗ੍ਹਾ, ਜਸਪਾਲ ਭਗਵਾਨਪੁਰਾ ਆਦਿ ਆਗੂ ਮੌਜੂਦ ਸਨ |