ਸੰਗਤ ਮੰਡੀ, 19 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਮਾਰਕੀਟ ਕਮੇਟੀ ਸੰਗਤ ਤਹਿਤ ਪੈਂਦੇ ਖ਼ਰੀਦ ਕੇਂਦਰਾਂ 'ਤੇ ਕਣਕ ਦੇ ਅੰਬਾਰ ਲੱਗ ਗਏ ਹਨ, ਪ੍ਰੰਤੂ ਖ਼ਰੀਦ ਕੇਂਦਰਾਂ 'ਤੇ ਬਾਰਦਾਨਾ ਨਾਂ ਹੋਣ ਫ਼ਸਲ ਵੇਚਣ ਆਏ ਕਿਸਾਨ ਮੰਡੀਆਂ 'ਚ ਖੱਜਲ ਖੁਆਰ ਹੋ ਰਹੇ ਹਨ | ਪਿੰਡ ਸੰਗਤ ਕਲਾਂ ਦੇ ਕਿਸਾਨ ਸੁਖਚੈਨ ਸਿੰਘ, ਜੱਸੀ ਬਾਗ਼ਵਾਲੀ ਦੇ ਕਿਸਾਨ ਗੇਜਾ ਸਿੰਘ ਅਤੇ ਕੋਟਗੁਰੂ ਦੇ ਰਾਮਫਲ ਸਿੰਘ ਨੇ ਦੱਸਿਆ ਕਿ ਖ਼ਰੀਦ ਕੇਂਦਰ ਵਿਚ ਕਣਕ ਲੈ ਕੇ ਆਇਆ ਨੂੰ ਇੱਕ ਹਫ਼ਤਾ ਬੀਤ ਗਿਆ, ਪਰ ਅਜੇ ਤੱਕ ਕਣਕ ਦੀ ਖ਼ਰੀਦ ਨਹੀਂ ਹੋਈ ਹੈ | ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਫ਼ਰਕ ਹੈ ਅਤੇ ਇਹ ਸਰਕਾਰ ਸਭ ਤੋਂ ਫ਼ੇਲ੍ਹ ਸਰਕਾਰ ਸਾਬਤ ਹੋਈ ਹੈ | ਉਨ੍ਹਾਂ ਦੱਸਿਆ ਕਿ ਖ਼ਰੀਦ ਕੇਂਦਰਾਂ ਵਿਚ ਮੱਛਰਾਂ ਕਾਰਨ ਜਿੱਥੇ ਕਿਸਾਨਾਂ ਦੀ ਰਾਤ ਔਖੀ ਲੰਘਦੀ ਹੈ, ਉੱਥੇ ਮਜ਼ਦੂਰਾਂ ਦਾ ਵੀ ਬੁਰਾ ਹਾਲ ਹੈ, ਜੋ ਕਣਕ ਦੀ ਤੁਲਾਈ ਕਰਨ ਲਈ 1 ਅਪ੍ਰੈਲ ਤੋਂ ਖ਼ਰੀਦ ਕੇਂਦਰਾਂ ਵਿਚ ਪਹੁੰਚ ਗਏ ਸਨ, ਪ੍ਰੰਤੂ ਅੱਧੇ ਤੋਂ ਵੱਧ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕਣਕ ਦੀ ਸਰਕਾਰੀ ਖ਼ਰੀਦ ਹਾਲੇ ਤੱਕ ਸ਼ੁਰੂ ਨਹੀਂ ਹੋਈ, ਜਿਸ ਕਾਰਨ ਉਹ ਕਮਾਈ ਦੀ ਥਾਂ ਆਪਣੀ ਜੇਬ 'ਚੋਂ ਖਰਚਾ ਚਲਾ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ, ਪ੍ਰੰਤੂ ਸੰਗਤ ਦੇ ਖ਼ਰੀਦ ਕੇਂਦਰਾਂ ਵਿਚ ਦੇਖਣ ਤੋਂ ਪਤਾ ਲੱਗਦਾ ਹੈ ਕਿ ਇੱਕ ਵੀ ਦਾਣਾ ਕਣਕ ਦੀ ਖ਼ਰੀਦ ਨਹੀਂ ਹੋਈ, ਸਗੋਂ ਖ਼ਰੀਦ ਕੇਂਦਰਾਂ 'ਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ ਅਤੇ ਕਣਕ ਦੀ ਤੁਲਾਈ ਨਾ ਹੋਣ ਕਾਰਨ ਖ਼ਰੀਦ ਕੇਂਦਰਾਂ ਵਿਚ ਕਣਕ ਰੱਖਣ ਦੀ ਕੋਈ ਥਾਂ ਬਾਕੀ ਨਹੀਂ ਬਚੀ ਹੈ, ਜਿਸ ਕਾਰਨ ਬਹੁਤੇ ਕਿਸਾਨ ਆਪਣੇ ਘਰਾਂ ਵਿਚ ਕਣਕ ਰੱਖਣ ਲਈ ਮਜਬੂਰ ਹੋ ਰਹੇ ਹਨ ਅਤੇ ਖ਼ਰੀਦ ਕੇਂਦਰਾਂ ਵਿਚ ਕਣਕ ਦੁਬਾਰਾ ਲਿਆਉਣ ਲਈ ਕਿਸਾਨਾਂ ਨੂੰ ਦੋਹਰੀ ਮੁਸ਼ੱਕਤ ਕਰਨੀ ਪਵੇਗੀ | ਉਨ੍ਹਾਂ ਦੱਸਿਆ ਕਿ ਉੱਪਰੋਂ ਮੌਸਮ ਵੀ ਖ਼ਰਾਬ ਹੋ ਰਿਹਾ ਹੈ, ਜੇਕਰ ਇਸ ਸਮੇਂ ਮੀਂਹ ਪੈ ਗਿਆ ਤਾਂ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ | ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਸਾਬੋ ਨੇ ਕਿਹਾ ਕਿ ਜਿਹੜੇ ਸੂਬਿਆਂ ਵਿਚ ਭਾਜਪਾ ਸਰਕਾਰਾਂ ਹਨ, ਉਥੇ ਕਣਕ ਖ਼ਰੀਦ ਦੇ ਮਾਪ ਦੰਡਾਂ 'ਚ ਵੱਡੀ ਢਿੱਲ ਦਿੱਤੀ ਹੈ, ਪਰ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਕਣਕ ਖ਼ਰੀਦਣ ਦੀ ਬਜਾਏ ਬੇਲੋੜੀਆਂ ਸ਼ਰਤਾਂ ਲਗਾ ਕੇ ਕਣਕ ਖ਼ਰੀਦਣ ਤੋਂ ਟਾਲ਼ਾ ਵੱਟ ਰਹੀ ਹੈ | ਉਨ੍ਹਾਂ ਕਿਹਾ ਕਿ ਬੇਮੌਸਮੇ ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਪਹਿਲਾਂ ਹੀ ਕਣਕ ਬਰਬਾਦ ਕਰ ਦਿੱਤੀ, ਪ੍ਰੰਤੂ ਸੂਬਾ ਸਰਕਾਰ ਨੇ ਕਿਸਾਨਾਂ ਅਜੇ ਤੱਕ ਇੱਕ ਪੈਸੇ ਦੇ ਮੁਆਵਜ਼ੇ ਦਾ ਐਲਾਨ ਵੀ ਨਹੀਂ ਕੀਤਾ | ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਕਣਕ ਖ਼ਰੀਦਣ ਵਿਚ ਹੋਰ ਦੇਰੀ ਕੀਤੀ ਗਈ ਤਾਂ ਕਿਸਾਨਾਂ ਵਲੋਂ ਵੱਡੇ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਮਾਰਕੀਟ ਕਮੇਟੀ ਸੰਗਤ ਦੇ ਸਕੱਤਰ ਜਗਜੀਵਨ ਸਿੰਘ ਨੇ ਦੱਸਿਆ ਕਿ ਸੰਗਤ ਮੰਡੀ ਦੇ ਖ਼ਰੀਦ ਕੇਂਦਰਾਂ 'ਤੇ ਪਨਗ੍ਰੇਨ, ਪਨਸਪ, ਵੇਅਰ ਹਾਊਸ ਅਤੇ ਮਾਰਕਫੈੱਡ ਵਲੋਂ ਖ਼ਰੀਦ ਕਣਕ ਦੀ ਕੀਤੀ ਜਾ ਰਹੀ ਹੈ, ਪ੍ਰੰਤੂ ਇਕਦਮ ਕਣਕ ਜ਼ਿਆਦਾ ਆ ਜਾਣ ਕਾਰਨ ਮੰਡੀਆਂ 'ਚ ਤੁਲਾਈ ਅਤੇ ਚੁਕਾਈ ਦੀ ਰਫ਼ਤਾਰ ਤੇਜ ਕਰਵਾਈ ਜਾਵੇਗੀ | ਖ਼ਰੀਦ ਏਜੰਸੀ ਮਾਰਕਫੈੱਡ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ 15 ਅਪ੍ਰੈਲ ਤੋਂ ਕਣਕ ਦੀ ਬੋਲੀ ਸ਼ੁਰੂ ਕਰਵਾਈ ਗਈ ਹੈ, ਪ੍ਰੰਤੂ ਬਾਰਦਾਨੇ ਕਮੀ ਕਾਰਨ ਤੁਲਾਈ ਕਰਨ 'ਚ ਥੋੜ੍ਹੀ ਦੇਰ ਹੋ ਰਹੀ ਹੈ |