ਤਲਵੰਡੀ ਸਾਬੋ, 19 ਅਪ੍ਰੈਲ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅਤੇ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਦੇ ਗਿਆਰਵੀਂ ਕਲਾਸ ਦੇ ਨਤੀਜੇ ਐਲਾਨੇ ਗਏ, ਜਿਸ ਸੰਬੰਧੀ ਅਧਿਆਪਕ-ਮਾਪੇ ਮਿਲਣੀ (ਪੀ.ਟੀ.ਐਮ.) ਕਰਵਾਈ ਗਈ | ਇਸ ਮੌਕੇ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਵਿਦਿਆਰਥੀਆਂ ਦੀ ਪੜਾਈ, ਅਕਾਦਮਿਕ ਪ੍ਰਦਰਸ਼ਨ ਅਤੇ ਭਵਿੱਖੀ ਯੋਜਨਾਵਾਂ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ | ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ.ਪੁਸ਼ਪਿੰਦਰ ਕੌਰ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10+1 (ਆਰਟਸ) ਚੋਂ ਖੁਸ਼ਪ੍ਰੀਤ ਕੌਰ ਨੇ 94.60 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਅਮਨਦੀਪ ਕੌਰ ਨੇ 92.80 ਫ਼ੀਸਦੀ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਜਸਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ 84.60 ਫ਼ੀਸਦੀ ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਿਲ ਕੀਤਾ | 10+1 ਸਾਇੰਸ (ਮੈਡੀਕਲ) 'ਚੋਂ ਸਤਵੀਰ ਕੌਰ 93.60 ਫ਼ੀਸਦੀ ਅੰਕਾਂ ਨਾਲ ਪਹਿਲੇ, ਰਮਨਦੀਪ ਕੌਰ 92.20 ਫ਼ੀਸਦੀ ਨਾਲ ਦੂਜੇ ਅਤੇ ਜਸ਼ਨਦੀਪ ਕੌਰ 91.40 ਫ਼ੀਸਦੀ ਨਾਲ ਤੀਜੇ ਸਥਾਨ 'ਤੇ ਰਹੇ | ਇਸੇ ਤਰਾਂ 10+1 ਸਾਇੰਸ (ਨਾਨ-ਮੈਡੀਕਲ) 'ਚੋਂ ਜਸ਼ਨਪ੍ਰੀਤ ਕੌਰ ਨੇ 90.60 ਫ਼ੀਸਦੀ ਅੰਕਾਂ ਨਾਲ ਪਹਿਲਾ, ਬਬਨੀਤ ਕੌਰ ਨੇ 89.40 ਫ਼ੀਸਦੀ ਨਾਲ ਦੂਜਾ ਅਤੇ ਰਮਨਦੀਪ ਕੌਰ ਨੇ 86.40 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | 10+1 (ਕਾਮਰਸ) 'ਚੋਂ ਮੁਸਕਾਨ ਕੌਰ ਨੇ 92.60 ਫ਼ੀਸਦੀ ਅੰਕਾਂ ਨਾਲ ਪਹਿਲਾ, ਖੁਸ਼ਪ੍ਰੀਤ ਕੌਰ ਨੇ 89.80 ਫ਼ੀਸਦੀ ਨਾਲ ਦੂਜਾ ਅਤੇ ਹਰਮਨਦੀਪ ਕੌਰ ਨੇ 89.20 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਦੌਰਾਨ ਅਧਿਆਪਕਾਂ ਵਲੋਂ ਮਾਪਿਆਂ ਨੂੰ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਰੂਰੀ ਸੁਝਾਅ ਦਿੱਤੇ ਗਏ, ਜਦਕਿ ਮਾਪਿਆਂ ਨੇ ਵੀ ਵਿਚਾਰਾਂ ਦੀ ਸਾਂਝ ਪਾਈ | ਪ੍ਰੋ.ਸ਼ਾਲਿਨੀ ਸਹਿਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰਾਂ ਦੀ ਮਿਲਣੀ ਨਾਲ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਸਾਥ ਹੋਰ ਮਜ਼ਬੂਤ ਹੋਇਆ, ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਾਭਕਾਰੀ ਸਾਬਤ ਹੋਵੇਗਾ | ਕਾਲਜ ਪਿ੍ੰਸੀਪਲ ਨੇ ਇਸ ਮੌਕੇ ਕਿਹਾ ਕਿ ਭਵਿੱਖ ਵਿਚ ਵੀ ਇਸ ਤਰਾਂ ਦੇ ਪ੍ਰੋਗਰਾਮ ਕਰਵਾਵਾਂਗੇ ਤਾਂ ਜੋ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ |