ਤਲਵੰਡੀ ਸਾਬੋ, 20 ਅਪ੍ਰੈਲ (ਰਣਜੀਤ ਸਿੰਘ ਰਾਜੂ)-ਨਵੰਬਰ 1984 'ਚ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਸਮੇਤ ਵੱਖ-ਵੱਖ ਥਾਵਾਂ ਤੇ ਕਾਂਗਰਸ ਸਰਕਾਰ ਦੀ ਸ਼ਹਿ ਤੇ ਕੀਤੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ' ਦੇ ਸੰਚਾਲਕ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਵਿਚ ਇਕ ਵਫ਼ਦ ਦੇ ਰੂਪ ਚ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਦਾਦੂ ਵਿਖੇ ਪਹੁੰਚ ਕੇ ਉੱਘੇ ਸਿੱਖ ਪ੍ਰਚਾਰਕ, ਅੰਬੈਸਡਰ ਫ਼ਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਮੰਗ ਪੱਤਰ ਸੌਂਪਿਆ | ਜਥੇ: ਦਾਦੂਵਾਲ ਦੇ ਨਿੱਜੀ ਸਹਾਇਕ ਜਗਮੀਤ ਸਿੰਘ ਬਰਾੜ ਵਲੋਂ ਇੱਥੋਂ ਜਾਰੀ ਪ੍ਰੈੱਸ ਬਿਆਨ ਚ ਦੱਸਿਆ ਗਿਆ ਕਿ ਪਿਛਲੇ ਸਮੇਂ 'ਚ ਹਰਿਆਣਾ ਸਰਕਾਰ ਵਲੋਂ ਟੀਪੀ ਗਰਗ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ 22 ਕਰੋੜ 60 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ ਅਤੇ ਸਾਲ 2025 ਵਿੱਚ ਨਾਇਬ ਸਿੰਘ ਸੈਣੀ ਸਰਕਾਰ ਵਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤ 121 ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਵਿਚ 34 ਪਰਿਵਾਰਾਂ ਦੇ ਬੱਚੇ/ਬੱਚੀਆਂ ਨੂੰ ਨਿਯੁਕਤੀ ਪੱਤਰ 24 ਨਵੰਬਰ 2025 ਨੂੰ ਪੰਚਕੂਲਾ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਹਾਜ਼ਰੀ 'ਚ ਦਿੱਤੇ ਗਏ ਸਨ | ਪੀੜਿਤ ਪਰਿਵਾਰਾਂ ਨੇ ਅੱਜ ਜਥੇਦਾਰ ਦਾਦੂਵਾਲ ਨੂੰ ਦਿੱਤੇ ਮੰਗ ਪੱਤਰ ਰਾਹੀਂ ਦੱਸਿਆ ਕੇ ਉਨਾਂ ਨੂੰ ਯੋਗਤਾ ਦੇ ਹਿਸਾਬ ਅਨੁਸਾਰ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਇਸ ਲਈ 34 ਵਿਚੋਂ 31 ਪਰਿਵਾਰਾਂ ਨੇ ਨਿਯੁਕਤੀ ਪੱਤਰ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ | ਪੀੜਤ ਪਰਿਵਾਰਾਂ ਨੇ ਮੰਗ ਕੀਤੀ ਕਿ ਉਨਾਂ ਦੇ ਬੱਚਿਆਂ ਨੂੰ ਯੋਗਤਾ ਦੇ ਆਧਾਰ 'ਤੇ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਅਤੇ ਜੋ ਪੀੜਤ ਪਰਿਵਾਰ ਵਾਂਝੇ ਰਹਿ ਗਏ ਹਨ ਉਨਾਂ ਨੂੰ ਵੀ ਮੁਆਵਜ਼ਾ ਅਤੇ ਨੌਕਰੀਆਂ ਦਿਵਾਈਆਂ ਜਾਣ | ਜਥੇਦਾਰ ਦਾਦੂਵਾਲ ਨੇ ਭਾਈ ਘੋਲੀਆ ਦੀ ਅਗਵਾਈ 'ਚ ਪੁੱਜੇ ਪੀੜਤ ਪਰਿਵਾਰਾਂ ਦੇ ਵਫ਼ਦ ਨੂੰ ਜਲਦੀ ਹੀ ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਨਾਲ ਮੁਲਾਕਾਤ ਕਰਵਾ ਕੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ | ਜਥੇਦਾਰ ਦਾਦੂਵਾਲ ਨੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਦਿਨ-ਰਾਤ ਇਕ ਕਰਨ ਵਾਲੇ ਭਾਈ ਦਰਸ਼ਨ ਸਿੰਘ ਘੋਲੀਆ ਵਲੋਂ ਲੜੀ ਜਾ ਰਹੀ ਕਾਨੰੂਨੀ ਲੜਾਈ ਦੇ ਸਤਿਕਾਰ ਵਜੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ |