ਬਠਿੰਡਾ, 23 ਅਪ੍ਰੈਲ (ਅਵਤਾਰ ਸਿੰਘ ਕੈਂਥ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਸਹਾਰਾ ਜਨ ਸੇਵਾ ਨੂੰ ਸੂਚਨਾ ਮਿਲਣ 'ਤੇ ਕਿ ਬਠਿੰਡਾ ਰੇਲਵੇ ਸਟੇਸ਼ਨ ਦੇ ਉਡੀਕ ਘਰ ਵਿਚ ਇਕ ਵਿਅਕਤੀ ਗੰਭੀਰ ਅਤੇ ਤਰਸਯੋਗ ਹਾਲਤ ਵਿਚ ਪਿਆ ਹੈ, ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ, ਟੇਕ ਚੰਦ ਰੇਲਵੇ ਉਡੀਕ ਘਰ ਵਿਚ ਪਹੁੰਚੇ ਅਤੇ ਉੱਥੇ ਪਏ ਵਿਅਕਤੀ ਨੂੰ ਸਹਾਰਾ ਮੁੱਖ ਦਫ਼ਤਰ ਲਿਆਂਦਾ ਅਤੇ ਉਸ ਨੂੰ ਮੁੱਢਲੀ ਜਾਣਕਾਰੀ ਲੈਣ ਬਾਅਦ ਸਿਵਲ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਤੁਰੰਤ ਉਸ ਦਾ ਇਲਾਜ ਸ਼ੁਰੂ ਕਰਨ ਲਈ ਐਕਸ-ਰੇ ਅਤੇ ਹੋਰ ਟੈਸਟ ਕਰਵਾਏ | ਜਾਣਕਾਰੀ ਅਨੁਸਾਰ ਰਾਜੂ 45 ਸਾਲਾ ਪੁੱਤਰ ਮਹਿੰਦੀ ਰਾਮ ਵਾਸੀ ਲੁਧਿਆਣਾ ਟੀ ਬੀ ਤੋਂ ਪੀੜ੍ਹਤ ਹੈ | ਰਾਜੂ ਦਾ ਇਲਾਜ ਸਹਾਰਾ ਕਰੇਗਾ | ਰਾਜੂ ਨੇ ਦੱਸਿਆ ਕਿ ਲੁਧਿਆਣਾ ਵਿਚ ਮੇਰਾ ਕਿਸੇ ਨੇ ਇਲਾਜ ਨਹੀਂ ਕਰਵਾਇਆ, ਸਹਾਰਾ ਬਾਰੇ ਪਤਾ ਲੱਗਿਆ ਤਾਂ ਉਹ ਸੰਸਥਾ 'ਚ ਮੱਦਦ ਲਈ ਆਇਆ ਹੈ | ਸੰਸਥਾ ਦੇ ਮੁਖੀ ਵਿਜੇ ਗੋਇਲ ਨੇ ਦੱਸਿਆ ਕਿ ਉਹ ਇਸ ਮਰੀਜ਼ ਦਾ ਇਲਾਜ ਕਰਵਾਉਣਗੇ |