ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਹਾਲ ਹੀ 'ਚ ਗੜੇਮਾਰੀ ਨਾਲ ਪ੍ਰਭਾਵਿਤ ਕਿਸਾਨਾਂ ਲਈ 111 ਪਿੰਡਾਂ ਦੇ 92695 ਏਕੜ ਲਈ 123.28 ਕਰੋੜ ਰੁਪਈਏ ਮੁਆਵਜ਼ਾ ਐਲਾਨਣ 'ਤੇ ਕਿਸਾਨ ਜਥੇਬੰਦੀਆਂ ਵਲੋਂ ਧੰਨਵਾਦ ਜਤਾਇਆ ਹੈ ਅਤੇ ਨਾਲ ਹੀ ਏ.ਕੇ.ਐਮ. ਫੋਰਮ ਨੇ ਮੰਗ ਕੀਤੀ ਕਿ ਤਕਰੀਬਨ 1.30 ਲੱਖ ਏਕੜ ਕਣਕ, ਸਬਜ਼ੀਆਂ, ਮੱਕੀ ਆਦਿ ਗੜੇਮਾਰੀ ਨਾਲ ਫ਼ਸਲਾਂ ਬਰਬਾਦ ਹੋਈਆਂ ਸਨ | ਰਾਹਤ ਪੈਕੇਜ 'ਚ 38 ਹਜਾਰ ਏਕੜ ਰਕਬਾ ਰਹਿ ਗਿਆ ਹੈ, ਉਸ ਨੂੰ ਵੀ ਕਵਰ ਕੀਤਾ ਜਾਵੇ ਅਤੇ ਘਰਾਂ, ਪਸ਼ੂਆਂ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਜਾਰੀ ਜਲਦ ਕੀਤਾ ਜਾਵੇ, ਇਸ ਦੇ ਨਾਲ ਹੀ ਉਨ੍ਹਾਂ ਨੇ ਹੜ੍ਹ ਪੀੜਤ ਆਬਾਦਕਾਰ ਕਿਸਾਨਾਂ ਜਿਨ੍ਹਾਂ ਕੋਲ ਕੱਚੀਆਂ ਪੈਲ਼ੀਆਂ ਹਨ ਪਰ ਲੰਮੇ ਅਰਸੇ ਤੋਂ ਆਬਾਦ ਕਰਕੇ ਖੇਤੀ ਕਰ ਰਹੇ ਹਨ, ਲਈ ਵੀ ਤੁਰੰਤ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ ਹੈ | ਆਜ਼ਾਦ ਕਿਸਾਨ ਮੋਰਚਾ ਦੇ ਮੈਂਬਰਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਹੜ੍ਹਾਂ ਕਾਰਨ ਬਰਬਾਦ ਹੋਈ ਹੈ, ਉਹ ਕਾਫ਼ੀ ਸਮੇਂ ਤੋਂ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ 30 ਅਪ੍ਰੈਲ ਤੋਂ ਪਹਿਲਾਂ ਹੀ ਇਹ ਰਕਮ ਜਾਰੀ ਕੀਤੀ ਜਾਵੇ, ਤਾਂ ਜੋ ਕਿਸਾਨ ਆਪਣੀ ਅਗਲੀ ਫ਼ਸਲ ਲਈ ਤਿਆਰੀ ਕਰ ਸਕਣ, ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ 30 ਅਪ੍ਰੈਲ ਤੱਕ ਮੁਆਵਜ਼ਾ ਜਾਰੀ ਨਾ ਕੀਤਾ ਗਿਆ ਤਾਂ ਇਕ ਮਈ ਤੋਂ ਪੰਜਾਬ ਭਰ ਵਿਚ ਟੋਲ ਪਲਾਜ਼ਾ ਅਤੇ ਮੁੱਖ ਸੜਕਾਂ ਨੂੰ ਜਾਮ ਕਰਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਕਿਸਾਨ ਆਗੂਆਂ ਸੁੱਖ ਗਿੱਲ ਮੋਗਾ, ਜਸਬੀਰ ਸਿੰਘ ਆਹਲੂਵਾਲੀਆ, ਸਤਨਾਮ ਸਿੰਘ ਹਰੀਕੇ, ਸਾਰਜ ਸਿੰਘ ਬੰਬ, ਪਰਮਜੀਤ ਸਿੰਘ ਜੱਬੋਵਾਲ, ਨਛੱਤਰ ਸਿੰਘ ਜਲੰਧਰ, ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ 27 ਅਪ੍ਰੈਲ ਨੂੰ ਫ਼ਿਰੋਜਪੁਰ ਵਿਚ ਏ.ਕੇ.ਐਮ. ਦੀ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ |