ਮਹਿਰਾਜ, 20 ਮਈ (ਸੁਖਪਾਲ ਮਹਿਰਾਜ): ਨਗਰ ਪੰਚਾਇਤ ਮਹਿਰਾਜ ਦੀਆਂ ਚੋਣਾਂ ਦੌਰਾਨ ਵਾਰਡ-2, 5 ਅਤੇ 8 ਵਿਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਮਗਰੋਂ ਸਿਆਸੀ ਮਾਹੌਲ ਗਰਮਾ ਗਿਆ | ਇਨ੍ਹਾਂ ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜੇਤੂ ਘੋਸ਼ਿਤ ਕਰ ਦਿੱਤਾ ਗਿਆ | ਇਸ ਮਾਮਲੇ ਨੂੰ ਲੈ ਕੇ ਕਾਂਗਰਸ ਆਗੂ ਅਤੇ ਨਗਰ ਪੰਚਾਇਤ ਮਹਿਰਾਜ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਅਤੇ ਕਰਮਜੀਤ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਨਗਰ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਬੀਰਾ ਅਤੇ ਕਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਵਿਰੋਧ ਅਤੇ ਆਪਣੀ ਸੰਭਾਵਿਤ ਹਾਰ ਤੋਂ ਘਬਰਾਈ ਹੋਈ ਹੈ, ਜਿਸ ਕਾਰਨ ਲੋਕਤੰਤਰਿਕ ਪ੍ਰਕਿਰਿਆ ਉੱਤੇ ਸਵਾਲ ਖੜੇ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਵਾਰਡ-5 ਤੋਂ ਗੁਰਪ੍ਰੀਤ ਕੌਰ ਪਤਨੀ ਮਨਜੀਤ ਸਿੰਘ, ਵਾਰਡ-3 ਤੋਂ ਦਲਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ, ਵਾਰਡ-8 ਤੋਂ ਪਰਗਟ ਸਿੰਘ, ਵਾਰਡ-2 ਤੋਂ ਨਛੱਤਰ ਸਿੰਘ, ਵਾਰਡ-1 ਤੋਂ ਛਿੰਦਰ ਕੌਰ ਪਤਨੀ ਕਰਨੈਲ ਸਿੰਘ, ਵਾਰਡ-12 ਤੋਂ ਨਿਰਭੈ ਸਿੰਘ, ਵਾਰਡ-1 ਤੋਂ ਵੀਰਪਾਲ ਕੌਰ ਪਤਨੀ ਜਗਜੀਤ ਸਿੰਘ, ਵਾਰਡ-2 ਤੋਂ ਮਨਪ੍ਰੀਤ ਸਿੰਘ ਅਤੇ ਵਾਰਡ-11 ਤੋਂ ਗੁਰਵਿੰਦਰ ਸਿੰਘ ਆਦਿ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦਾ ਮਾਮਲਾ ਵੀ ਅਦਾਲਤ ਵਿਚ ਉਠਾਇਆ ਗਿਆ | ਉਨ੍ਹਾਂ ਦੱਸਿਆ ਕਿ ਵਾਰਡ-5 ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ ਪਤਨੀ ਮਨਜੀਤ ਸਿੰਘ ਵਲੋਂ ਗੁਰਪ੍ਰੀਤ ਕੌਰ ਬਨਾਮ ਸਟੇਟ ਇਲੈੱਕਸ਼ਨ ਕਮਿਸ਼ਨ ਪੰਜਾਬ ਸੰਬੰਧੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੀ ਗਈ, ਜਿਸ ਦੀ ਸੁਣਵਾਈ 21 ਮਈ 2026 ਨੂੰ ਨਿਰਧਾਰਿਤ ਕੀਤੀ ਗਈ ਹੈ | ਆਗੂਆਂ ਨੇ ਕਿਹਾ ਕਿ ਲੋਕਹਿੱਤ ਅਤੇ ਲੋਕਤੰਤਰ ਦੀ ਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਅਤੇ ਉਮੀਦ ਹੈ ਕਿ ਅਦਾਲਤ ਵਲੋਂ ਮਾਮਲੇ ਵਿਚ ਨਿਰਪੱਖ ਫ਼ੈਸਲਾ ਸੁਣਾਇਆ ਜਾਵੇਗਾ | ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ, ਜਸਵੀਰ ਸਿੰਘ ਮੱਲੂਆਣਾ, ਗੁਰਮੀਤ ਸਿੰਘ ਢੀਂਡਸਾ, ਧਰਮਿੰਦਰ ਸਿੰਘ, ਕੁਲਦੀਪ ਸਿੰਘ, ਪ੍ਰਧਾਨ ਗੁਰਤੇਜ ਸਿੰਘ ਆਦਿ ਹਾਜ਼ਰ ਸਨ |