22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਿਨਾਂ ਬੁਨਿਆਦੀ ਢਾਂਚਾ ਉਸਾਰੇ 5 ਲੱਖ ਕਰੋੜ ਦਾ ਕਰਜ਼ਾ ਲੈਣ ਵੱਲ ਵਧ ਰਹੀ ਮੌਜੂਦਾ ਸਰਕਾਰ- ਹਰਸਿਮਰਤ ਕੌਰ ਬਾਦਲ

ਰਾਮਪੁਰਾ ਫੂਲ, 21 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ, ਹੇਮੰਤ ਕੁਮਾਰ ਸ਼ਰਮਾ)-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੂਬੇ ਦੇ ਵਿੱਤੀ ਪ੍ਰਬੰਧਨ, ਪ੍ਰਸ਼ਾਸਨਿਕ ਜਵਾਬਦੇਹੀ ਅਤੇ ਸਿਆਸੀ ਇਮਾਨਦਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹਾਜ਼ਰ ਸਨ ।

Ad Position 21
No active advertisement
ਅਜੀਤ ਡੈਸਕ 22-09-2026
ਰਾਮਪੁਰਾ ਫੂਲ, 21 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ, ਹੇਮੰਤ ਕੁਮਾਰ ਸ਼ਰਮਾ)-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੂਬੇ ਦੇ ਵਿੱਤੀ ਪ੍ਰਬੰਧਨ, ਪ੍ਰਸ਼ਾਸਨਿਕ ਜਵਾਬਦੇਹੀ ਅਤੇ ਸਿਆਸੀ ਇਮਾਨਦਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹਾਜ਼ਰ ਸਨ । ਫੂਲ ਟਾਊਨ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਰਾਮਪੁਰਾ ਫੂਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਉਕਤ ਦੋਸ਼ ਲਾਉਂਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲਾਂ ਦੀ ਸਰਕਾਰ ਦੌਰਾਨ ਪੰਜਾਬ ਦਾ ਕਰਜ਼ਾ 51,000 ਕਰੋੜ ਰੁਪਏ ਤੋਂ ਵੱਧ ਕੇ ਲਗਭਗ 1,82,000 ਕਰੋੜ ਰੁਪਏ ਹੋਇਆ ਸੀ। ਇਹ ਵਾਧਾ ਬੇਸ਼ੱਕ ਵੱਡਾ ਜਾਪਦਾ ਹੈ, ਪਰ ਉਨ੍ਹਾਂ ਤਰਕ ਦਿੱਤਾ ਕਿ ਇਹ ਪੈਸਾ ਸੂਬੇ ਦੇ ਬੁਨਿਆਦੀ ਢਾਂਚੇ, ਹਾਈਵੇਅ, ਅਤੇ ਥਰਮਲ ਪਲਾਂਟਾਂ ਦੇ ਨਿਰਮਾਣ ’ਤੇ ਖਰਚ ਕੀਤਾ ਗਿਆ ਸੀ। ਇਸ ਦੇ ਉਲਟ ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰਾਂ ਬਿਨਾਂ ਕਿਸੇ ਠੋਸ ਵਿਕਾਸ ਦੇ ਹਰ ਸਾਲ 50,000 ਕਰੋੜ ਰੁਪਏ ਦਾ ਕਰਜ਼ਾ ਲੈ ਰਹੀਆਂ ਹਨ, ਜਿਸ ਨਾਲ ਪੰਜ ਸਾਲਾਂ ’ਚ ਇਹ ਅੰਕੜਾ 5 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਖਦਸ਼ਾ ਹੈ। ਬੀਬਾ ਬਾਦਲ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਆਰਥਿਕ ਸਿਹਤ ਨੂੰ ਮਾਪਣ ਦਾ ਸਭ ਤੋਂ ਸਹੀ ਤਰੀਕਾ ਉਸਦਾ ਕਰਜ਼ਾ ਅਤੇ ਘਰੇਲੂ ਉਤਪਾਦ ਅਨੁਪਾਤ ਹੁੰਦਾ ਹੈ। ਸਾਬਕਾ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਭਾਵੇਂ ਕਰਜ਼ਾ ਵਧਿਆ, ਪਰ ਜੀ.ਡੀ.ਪੀ. ਦੇ ਮੁਕਾਬਲੇ ਕਰਜ਼ੇ ਦਾ ਅਨੁਪਾਤ ਘਟਿਆ ਸੀ। ਇਸ ਦਾ ਅਰਥ ਇਹ ਹੈ ਕਿ ਕਰਜ਼ੇ ਦੀ ਵਰਤੋਂ ਉਤਪਾਦਕ ਸੰਪਤੀਆਂ ਬਣਾਉਣ ਲਈ ਕੀਤੀ ਗਈ ਸੀ, ਜਿਸ ਨਾਲ ਸੂਬੇ ਦੀ ਆਮਦਨ ਵਿਚ ਵਾਧਾ ਹੋਇਆ। ਜੇਕਰ ਮੌਜੂਦਾ ਸਮੇਂ ਵਿਚ ਇਹ ਅਨੁਪਾਤ ਵਿਗੜ ਰਿਹਾ ਹੈ, ਤਾਂ ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਸਰਕਾਰ ਕਰਜ਼ੇ ਦਾ ਪੈਸਾ ਵਿਕਾਸ ਦੀ ਬਜਾਏ ਰੋਜ਼ਾਨਾ ਦੇ ਖਰਚਿਆਂ ਅਤੇ ਗਲਤ ਸਕੀਮਾਂ ’ਤੇ ਰੋੜ੍ਹ ਰਹੀ ਹੈ । ਹਰਸਿਮਰਤ ਬਾਦਲ ਨੇ ਖੁਲਾਸਾ ਕੀਤਾ ਕਿ ਅਕਾਲੀ ਸਰਕਾਰ ਨੇ ਪੰਜਾਬ ਦੀ ਬਿਜਲੀ ਉਤਪਾਦਨ ਸਮਰੱਥਾ ਨੂੰ 6,000 ਮੈਗਾਵਾਟ ਤੋਂ ਵਧਾ ਕੇ ਸਾਢੇ 12,000 ਮੈਗਾਵਾਟ ਤੱਕ ਪਹੁੰਚਾਇਆ ਸੀ। ਅੱਜ ਜੋ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਉਹ ਇਨ੍ਹਾਂ ਹੀ ਥਰਮਲ ਪਲਾਂਟਾਂ ਦੀ ਬਦੌਲਤ ਸੰਭਵ ਹੋ ਰਹੀ ਹੈ। ਪਿਛਲੇ ਕਰੀਬ 10 ਸਾਲਾਂ ਵਿਚ ਕਿਸੇ ਵੀ ਨਵੀਂ ਸਰਕਾਰ ਨੇ ਬਿਜਲੀ ਉਤਪਾਦਨ ਵਿਚ ਇਕ ਵੀ ਨਵਾਂ ਯੂਨਿਟ ਨਹੀਂ ਜੋੜਿਆ। ਪੰਜਾਬ ਵਿਚ ਏਮਜ਼ ਹਸਪਤਾਲ, ਸੈਂਟਰਲ ਯੂਨੀਵਰਸਿਟੀ, ਫਲਾਈਓਵਰ, ਹਾਈਵੇਅ ਅਤੇ ਹਵਾਈ ਅੱਡਿਆਂ ਵਰਗੇ ਪ੍ਰੋਜੈਕਟਾਂ ਨੂੰ ਪਿਛਲੀਆਂ ਸਰਕਾਰਾਂ ਦੀ ਪ੍ਰਾਪਤੀ ਦੱਸਦੇ ਹੋਏ ਉਨ੍ਹਾਂ ਸਵਾਲ ਕੀਤਾ ਕਿ ਮੌਜੂਦਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਿਹੜਾ ਵੱਡਾ ਹਸਪਤਾਲ ਜਾਂ ਯੂਨੀਵਰਸਿਟੀ ਬਣਾਈ ਹੈ। ਸ਼ਹਿਰਾਂ ਵਿਚ ਆਰ.ਓ. ਸਿਸਟਮ ਅਤੇ ਪਿੰਡਾਂ ਵਿਚ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਨਾ ਦੇਣਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਸਿੱਖਿਆ ਅਤੇ ਰੁਜ਼ਗਾਰ ਦਾ ਸੰਕਟ- ਸਿੱਖਿਆ ਦੇ ਖੇਤਰ ’ਚ ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਗ਼ਰੀਬ ਅਤੇ ਹੁਸ਼ਿਆਰ ਬੱਚਿਆਂ ਲਈ ਇਕ ਵਰਦਾਨ ਸੀ। ਪਰ ਹੁਣ ਸਕਾਲਰਸ਼ਿਪ ਸਕੀਮਾਂ ਅਤੇ ਵਿਦਿਆਰਥਣਾਂ ਲਈ ਸਾਈਕਲ ਸਕੀਮਾਂ ਦਾ ਬੰਦ ਹੋਣਾ ਦਰਸਾਉਂਦਾ ਹੈ ਕਿ ਸਿੱਖਿਆ ਵਿਭਾਗ ਆਪਣੀਆਂ ਮੂਲ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਹੈ। ਇਸ ਤੋਂ ਵੀ ਵੱਧ ਚਿੰਤਾਜਨਕ ਦੋਸ਼ ਇਹ ਹੈ ਕਿ ਪੰਜਾਬ ਦੀਆਂ ਨੌਕਰੀਆਂ ਵਿਚ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜੋ ਕਿ ਪੰਜਾਬ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨਾਲ ਸਿੱਧਾ ਧਰੋਹ ਹੈ। ਸ਼੍ਰੋਮਣੀ ਅਕਾਲੀ ਦਲ, ਜੋ ਕਿ 106 ਸਾਲ ਪੁਰਾਣੀ ਖੇਤਰੀ ਪਾਰਟੀ ਹੈ ਅਤੇ ਜਿਸ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਈ ਸੀ, ਅੱਜ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹੈ ਬਾਰੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਹਰਸਿਮਰਤ ਬਾਦਲ ਨੇ ਸਪੱਸ਼ਟ ਕੀਤਾ ਕਿ ਪਾਰਟੀ ਦਾ ਗਠਨ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਕੀਤਾ ਗਿਆ ਸੀ, ਜਿਸ ਲਈ ਪਾਰਟੀ ਆਗੂਆਂ ਨੇ ਸਾਲਾਂ ਬੱਧੀ ਜੇਲ੍ਹਾਂ ਕੱਟੀਆਂ। ਪਰ ਅੱਜ ਕੁਝ ਆਗੂ ਪਾਰਟੀ ਦੇ ਸਿਧਾਂਤਾਂ ਨੂੰ ਛੱਡ ਕੇ ਵਿਰੋਧੀਆਂ ਨਾਲ ਮਿਲ ਰਹੇ ਹਨ, ਜੋ ਕਿ ਸਿੱਧੇ ਤੌਰ ’ਤੇ ਪੰਥਕ ਰਾਜਨੀਤੀ ਲਈ ਇਕ ਵੱਡਾ ਸੰਕਟ ਹੈ। ਬਾਗੀ ਆਗੂਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਇਹ ਆਗੂ ਆਪਣੇ ਨਿੱਜੀ ਮੁਫ਼ਾਦਾਂ ਅਤੇ ਸਵਾਰਥਾਂ ਖਾਤਰ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਇਨ੍ਹਾਂ ਆਗੂਆਂ ਦਾ ਅੜੀਅਲ ਰਵੱਈਆ ਸਪੱਸ਼ਟ ਕਰਦਾ ਹੈ ਕਿ ਇਨ੍ਹਾਂ ਦਾ ਮਕਸਦ ਪੰਜਾਬ ਦੇ ਮਸਲੇ ਹੱਲ ਕਰਨਾ ਨਹੀਂ, ਸਗੋਂ ਵਿਰੋਧੀ ਧਿਰਾਂ ਦੇ ਏਜੰਡੇ ਨੂੰ ਲਾਗੂ ਕਰਨਾ ਹੈ। ਆਉਣ ਵਾਲੀਆਂ ਚੋਣਾਂ ਅਤੇ ਭਾਜਪਾ ਨਾਲ ਸੰਭਾਵਿਤ ਗਠਜੋੜ ਦੇ ਸਵਾਲ ’ਤੇ ਉਨ੍ਹਾਂ ਦੀ ਚੁੱਪੀ ਅਤੇ ਇਹ ਕਹਿਣਾ ਕਿ ‘ਮੈਂ ਅੰਤਰਯਾਮੀ ਨਹੀਂ ਹਾਂ’, ਸਿਆਸੀ ਹਲਕਿਆਂ ਵਿਚ ਕਈ ਕਿਆਸ ਅਰਾਈਆਂ ਨੂੰ ਜਨਮ ਦਿੰਦਾ ਹੈ। ਇਹ ਦਰਸਾਉਂਦਾ ਹੈ ਕਿ ਰਾਜਨੀਤੀ ਵਿਚ ਦਰਵਾਜ਼ੇ ਕਦੇ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੇ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸਿਆਸਤ ਵਿਚ ਵੱਡੇ ਫੇਰਬਦਲ ਦੇਖਣ ਨੂੰ ਮਿਲਣਗੇ। ਇਸ ਤੋਂ ਪਹਿਲਾਂ ਮਾਵਾਂ ਧੀਆਂ ਨੂੰ ਸਤਿਕਾਰ ਦਵਾਓ ਦੇ ਤਹਿਤ ਹਰਸਿਮਰਤ ਕੌਰ ਬਾਦਲ ਤੇ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਇਕ ਵੱਡੇ ਇਕੱਠ ਨੇ ਰੋਸ ਮਾਰਚ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬਾ ਬਾਦਲ ਤੇ ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮੰਤਰੀ ਦੀ ਪਤਨੀ ਡਾ: ਗੁਰਪ੍ਰੀਤ ਕੌਰ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਹਰਿੰਦਰ ਸਿੰਘ ਮਹਿਰਾਜ, ਹੈਪੀ ਬਾਂਸਲ, ਸੁਰਿੰਦਰ ਜੋੜਾ, ਨਰੇਸ਼ ਸੀ ਏ, ਸਤਪਾਲ ਗਰਗ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀਰਖਾਨਾ ਰੋਡ ‘ਤੇ ਕਥਿਤ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ‘ਤੇ ਪੁਲਿਸ ਦੀ ਛਾਪੇਮਾਰੀ ਅਗਲੀ ਖ਼ਬਰ ’ਨਸ਼ਾ ਮੁਕਤ ਪੰਜਾਬ’ ਯਾਤਰਾ ਤੋਂ ਪਹਿਲਾਂ:- ਕੇਂਦਰੀ ਮੰਤਰੀ ਚੌਹਾਨ ਸਮੇਤ ਭਾਜਪਾ ਲੀਡਰਸ਼ਿਪ ਤਖਤ ਸ੍ਰੀ ਦਮਦਮਾ ਸਾਹਿਬ ਹੋਈ ਨ...
Ad Position 24