ਖੰਨਾ, 3 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਐੱਸ. ਐੱਸ. ਪੀ. ਡਾ. ਜਯੋਤੀ ਯਾਦਵ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਾਈਨਾ ਡੋਰ ਦੇ ਖ਼ਿਲਾਫ਼ ਖੰਨਾ ਪੁਲਿਸ ਨੇ ਇੱਕ ਸਰਾਹਣਯੋਗ ਕਦਮ ਚੁੱਕਿਆ ਹੈ | ਟੂ-ਵਹੀਲਰ ਸਵਾਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵਲੋਂ ਬਾਈਕ ਦੇ ਅੱਗੇ ਲਗਾਉਣ ਲਈ ਇਕ ਵਿਸ਼ੇਸ਼ ਸੇਫ਼ਟੀ ਸ਼ਿਕੰਜਾ ਤਿਆਰ ਕੀਤਾ ਗਿਆ ਹੈ, ਜੋ ਚੱਲਦੀ ਗੱਡੀ ਦੌਰਾਨ ਚਾਈਨਾ ਡੋਰ ਨੂੰ ਗਰਦਨ ਜਾਂ ਚਿਹਰੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਵੇਗਾ | ਚਾਈਨਾ ਡੋਰ ਹਰ ਸਾਲ ਕਈ ਮਾਸੂਮ ਜਾਨਾਂ ਦੀ ਬਲੀ ਲੈ ਲੈਂਦੀ ਹੈ | ਇਸ ਜਾਨਲੇਵਾ ਖ਼ਤਰੇ ਤੇ ਰੋਕ ਲਗਾਉਣ ਲਈ ਖੰਨਾ ਪੁਲਿਸ ਵਲੋਂ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੌਕੇ ਡੀ. ਐਸ. ਪੀ. ਵਿਨੋਦ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਪੁਲਿਸ ਦਾ ਮੁੱਖ ਫ਼ਰਜ਼ ਹੈ ਅਤੇ ਚਾਈਨਾ ਡੋਰ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਇਹ ਸੇਫ਼ਟੀ ਸ਼ਿਕੰਜਾ ਤਿਆਰ ਕੀਤਾ ਗਿਆ ਹੈ | ਇਸ ਮੌਕੇ ਐਸ. ਐਚ. ਓ. ਸਿਟੀ 2 ਹਰਦੀਪ ਸਿੰਘ ਆਦਿ ਹਾਜ਼ਰ ਸਨ |