ਮਾਛੀਵਾੜਾ ਸਾਹਿਬ, 4 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਵਿਖੇ ਸਮਰਾਲਾ ਦੇ ਡੀ. ਐੱਸ. ਪੀ. ਤਰਲੋਚਨ ਸਿੰਘ ਵਲੋਂ ਜਿਊਲਰ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ | ਡੀ. ਐੈੱਸ. ਪੀ. ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਤ ਸਮੇਂ ਦੁਕਾਨਾਂ ਦੀ ਸੁਰੱਖਿਆ ਨੂੰ ਲੈ ਕੇ ਚੌਂਕੀਦਾਰ ਰੱਖਣੇ ਜ਼ਰੂਰੀ ਹਨ | ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰੇ ਵੀ ਜ਼ਰੂਰ ਲਗਾਏ ਜਾਣ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਉਨ੍ਹਾਂ ਕੋਲ ਕੀਮਤੀ ਗਹਿਣੇ ਖਰੀਦਣ ਜਾਂ ਵੇਚਣ ਆਉਂਦਾ ਹੈ ਉਸ ਤੋਂ ਸੁਚੇਤ ਰਹਿਣ | ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿਚ ਚੌਂਕੀਦਾਰਾਂ ਦੀ ਤਾਇਨਾਤੀ ਨਾਲ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਵੇਗੀ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਸਮਰਾਲਾ ਵਿਖੇ ਸਰਾਫ਼ ਦੁਕਾਨ ਨੂੰ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਜਿਸ ਵਿਚ ਚੌਂਕੀਦਾਰ ਤੇ ਪੁਲਿਸ ਦੀ ਮੁਸਤੈਦੀ ਕਾਰਨ ਵੱਡੀ ਘਟਨਾ ਤੋਂ ਬਚਾਅ ਹੋ ਗਿਆ | ਉਨ੍ਹਾਂ ਕਿਹਾ ਕਿ ਸਰਾਫ਼ ਦੁਕਾਨਦਾਰ ਆਪਣਾ ਕੀਮਤੀ ਸਮਾਨ ਖੁੱਲ੍ਹੇ ਵਿਚ ਬਿਲਕੁਲ ਨਾ ਰੱਖਣ ਬਲਕਿ ਭਾਰੀਆਂ ਤੇ ਦੀਵਾਰਾਂ ਵਿਚ ਬਣਾਈਆਂ ਤਿਜੋਰੀਆਂ 'ਚ ਰੱਖਣ | ਇਸ ਤੋਂ ਇਲਾਵਾ ਪੁਲਸ ਵਲੋਂ ਵੀ ਰਾਤ ਨੂੰ ਗਸ਼ਤ ਵਧਾ ਦਿੱਤੀ ਗਈ ਹੈ |
ਡੀ. ਐੈੱਸ. ਪੀ. ਸਮਰਾਲਾ ਵਲੋਂ ਸੁਨਿਆਰ ਦੁਕਾਨਦਾਰਾਂ ਨਾਲ ਮੀਟਿੰਗ
ਅਜੀਤ ਡੈਸਕ
05-01-2026