ਸਮਰਾਲਾ, 27 ਜਨਵਰੀ (ਗੋਪਾਲ ਸੋਫਤ)-ਚਾਈਨਾ ਡੋਰ ਕਾਰਨ ਬੀਤੇ ਦਿਨੀਂ 15 ਸਾਲ ਦਾ ਨੌਜਵਾਨ ਤਰਨਜੋਤ ਦੀ ਹੋਈ ਦੁਖਦਾਈ ਮੌਤ ਨੇ ਸਮੁੱਚਾ ਪੰਜਾਬ ਝੰਜੋੜ ਕੇ ਰੱਖ ਦਿੱਤਾ ਹੈ | ਪੁਲਿਸ ਪ੍ਰਸ਼ਾਸਨ ਤੋਂ ਖ਼ਫ਼ਾ ਹੋ ਕੇ ਆਖ਼ਰ ਸਥਾਨਕ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਕ ਮੰਚ 'ਤੇ ਇਕੱਠੇ ਹੋ ਕੇ ਚਾਈਨਾ ਡੋਰ ਦੀ ਵਿੱਕਰੀ ਨੂੰ ਨੱਥ ਪਾਉਣ ਦਾ ਐਲਾਨ ਕੀਤਾ ਹੈ | ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਰਮਨ ਵਡੇਰਾ ਦੀ ਸਰਪ੍ਰਸਤੀ ਹੇਠ ਵੱਖ-ਵੱਖ ਸਮਾਜ ਸੇਵੀ ਆਗੂਆਂ ਵਲੋਂ ਇਸ ਮੰਤਵ ਲਈ ਸਮਰਾਲਾ ਸੰਘਰਸ਼ ਕਮੇਟੀ ਗਠਿਤ ਕੀਤੀ ਗਈ ਹੈ | ਇਸ ਸਬੰਧੀ ਪੈੱ੍ਰਸ ਕਾਨਫ਼ਰੰਸ ਵਿਚ ਰਮਨ ਵਡੇਰਾ, ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਸੁਖਵਿੰਦਰ ਸਿੰਘ ਦਿਆਲਪੁਰਾ ਅਤੇ ਭਾਵਾਦਾਸ ਪੰਜਾਬ ਦੇ ਪ੍ਰਧਾਨ ਪਵਨ ਸਹੋਤਾ ਨੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਤਾੜਨਾ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਭਵਿੱਖ ਵਿਚ ਇਸ ਹਲਕੇ ਵਿਚ ਚਾਈਨਾ ਡੋਰ ਬਿਲਕੁਲ ਵੀ ਨਹੀਂ ਵੇਚਣ ਦੇਣਗੇ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਇੰਦਰੇਸ਼ ਜੈਦਕਾ, ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਕੌਂਸਲਰ ਰਣਧੀਰ ਸਿੰਘ ਧੀਰ, ਬਾਬਾ ਪਿ੍ਤਪਾਲ ਸਿੰਘ, ਬਾਬਾ ਗੁਰਪ੍ਰੀਤ ਸਿੰਘ ਉਟਾਲਾਂ ਆਦਿ ਵੀ ਹਾਜ਼ਰ ਸਨ |