ਖੰਨਾ, 1 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸਥਾਨਕ ਜੀ. ਟੀ. ਰੋਡ ਸਥਿਤ ਰਾਮਗੜ੍ਹੀਆ ਭਵਨ ਭੱਟੀਆਂ ਵਿਖੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ ਵੱਲੋਂ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਏ ਗਏ | ਇਸ ਮੌਕੇ ਹਾਜ਼ਰ ਸੰਗਤਾਂ ਵੱਲੋਂ ਸੰਗਤੀ ਰੂਪ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਭਾਈ ਬੇਅੰਤ ਸਿੰਘ ਅਤੇ ਭਾਈ ਪਰਵੀਨ ਸਿੰਘ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਅਤੇ ਕਥਾ ਵਖਿਆਣ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰੂ ਘਰ ਦੇ ਗ੍ਰੰਥੀ ਭਾਈ ਜਗਜੀਤ ਸਿੰਘ ਲਿਬੜਾ ਵਾਲਿਆਂ ਵੱਲੋਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਨੇ ਕਿਹਾ ਕਿ ਰਾਮਗੜ੍ਹੀਆ ਸਭਾ ਵਲੋਂ ਸਮੇਂ-ਸਮੇਂ 'ਤੇ ਸਮਾਜਸੇਵੀ ਕਾਰਜਾਂ ਲਈ ਯਤਨਸ਼ੀਲ ਸਖਸ਼ੀਅਤਾਂ ਨੂੰ ਜਿੱਥੇ ਸਨਮਾਨਿਤ ਕੀਤਾ ਜਾਂਦਾ ਹੈ, ਉਥੇ ਹੀ ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ ਭਵਨ ਸਥਿਤ ਕਮਿਊਨਿਟੀ ਸੈਂਟਰ ਵਿਚ ਕਾਰਜ ਹੁੰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹਰ ਸੰਗਰਾਂਦ ਅਤੇ ਐਤਵਾਰ ਨੂੰ ਹਫ਼ਤਾਵਾਰੀ ਸਮਾਗਮ ਲਗਾਤਾਰ ਜਾਰੀ ਹਨ | ਉਨ੍ਹਾਂ ਦੱਸਿਆ ਕਿ ਰਾਮਗੜ੍ਹੀਆਂ ਭਵਨ ਸਥਿਤ ਕਮਿਊਨਿਟੀ ਸੈਂਟਰ ਵਿਚ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਨਿਰਮਾਣ ਕਾਰਜ ਜਾਰੀ ਹਨ | ਜਿਸ ਲਈ ਕੋਈ ਵੀ ਵਿਅਕਤੀ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ, ਗੁਰਨਾਮ ਸਿੰਘ ਭਮਰਾ, ਮਨਜੀਤ ਸਿੰਘ ਧੰਜਲ, ਟਹਿਲ ਸਿੰਘ ਧੰਜਲ, ਆਦਿ ਹਾਜ਼ਰ ਸਨ |