ਰਾਏਕੋਟ, 21 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਬੜੇ ਹੀ ਪ੍ਰੇਰਣਾਦਾਇਕ ਮਾਹੌਲ ਵਿਚ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਪਿਛਲੇ 50 ਸਾਲਾਂ ਤੋਂ ਇਹ ਕਾਲਜ ਇਲਾਕੇ ਵਿਚ ਲੜਕੀਆਂ ਦੀ ਉੱਚ ਸਿੱਖਿਆ ਲਈ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਅੱਜ ਵੀ ਕਾਲਜ ਨੇ ਵਿੱਦਿਆ ਦੇ ਖੇਤਰ 'ਚ ਲੜਕੀਆਂ ਦੀ ਸਿੱਖਿਆ ਲਈ ਸਮਰਪਿਤ ਇਕ ਪ੍ਰਮੁੱਖ ਸੰਸਥਾ ਵਜੋਂ ਆਪਣੀ ਪਛਾਣ ਬਣਾਈ ਹੋਈ ਹੈ | ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਉਪਰੰਤ ਅਕੈਡਮਿਕ ਪ੍ਰੋਸੈਸ਼ਨ ਦੇ ਨਾਲ ਮੁੱਖ ਮਹਿਮਾਨ ਸਮੇਤ ਹੋਰਨਾਂ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ, ਸਮ੍ਹਾਂ ਰੌਸ਼ਨ ਅਤੇ ਸਰਸਵਤੀ ਵੰਦਨਾ ਨਾਲ ਅਗਲੇ ਸਮਾਰੋਹ ਦੀ ਸ਼ੁਰੂਆਤ ਹੋਈ | ਇਸ ਸਮੇਂ ਸੰਗੀਤ ਵਿਭਾਗ ਵਲੋਂ ਸੁਰੀਲੇ ਸਾਜ਼ਾਂ ਦਾ ਪ੍ਰੋਗਰਾਮ ਆਰਕੈਸਟਰਾਂ ਪੇਸ਼ ਕੀਤਾ ਗਿਆ, ਜਿਸ ਨਾਲ ਪੂਰੇ ਮਾਹੌਲ ਨੂੰ ਸੱਭਿਆਚਾਰਕ ਗੰਭੀਰਤਾ ਪ੍ਰਾਪਤ ਹੋਈ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸੁਦਰਸ਼ਨ ਸ਼ਰਮਾ ਪ੍ਰਧਾਨ ਆਰੀਆ ਪ੍ਰਤੀਨਿਧੀ ਸਭਾ ਪੰਜਾਬ (ਰਜਿ.) ਜਲੰਧਰ ਮੌਜੂਦ ਰਹੇ, ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰੇਮ ਭਾਰਦਵਾਜ ਜਨਰਲ ਸਕੱਤਰ ਆਰੀਆ ਪ੍ਰਤੀਨਿਧੀ ਹਾਜ਼ਰ ਸਨ | ਆਏ ਮਹਿਮਾਨਾਂ ਦਾ ਪ੍ਰਧਾਨ ਸ੍ਰੀ ਰਾਜਿੰਦਰ ਕੌੜਾ, ਮੀਤ ਪ੍ਰਧਾਨ ਆਰ.ਐੱਨ. ਜੋਸ਼ੀ, ਸਕੱਤਰ ਸੁਨੀਲ ਸ਼ਰਮਾ ਅਤੇ ਪਿ੍ੰਸੀਪਲ ਡਾ. ਰਜਨੀ ਬਾਲਾ ਵਲੋਂ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ.ਰਜਨੀ ਬਾਲਾ ਨੇ ਆਪਣੇ ਸੰਬੋਧਨ ਸ਼ਬਦਾਂ ਵਿਚ ਕਾਲਜ ਦੀ 50 ਸਾਲਾਂ ਤੋਂ ਵਧੇਰੀ ਸ਼ਾਨਦਾਰ ਯਾਤਰਾ, ਵਿਦਿਆਰਥਣਾਂ ਦੀਆਂ ਵਿੱਦਿਅਕ ਪ੍ਰਾਪਤੀਆਂ, ਐੱਨ.ਸੀ.ਸੀ. ਅਤੇ ਐੱਨ.ਐੱਸ.ਐੱਸ ਦੀਆਂ ਸਮਾਜਿਕ ਗਤੀਵਿਧੀਆਂ, ਹੁਨਰ ਵਿਕਾਸਾ ਪ੍ਰੋਗਰਾਮਾਂ, ਖੇਡ ਪ੍ਰਾਪਤੀਆਂ ਅਤੇ ਸੱਭਿਆਚਾਰਕ ਸਫ਼ਲਤਾਵਾਂ ਦਾ ਜ਼ਿਕਰ ਕੀਤਾ | ਇਸ ਸਮਾਰੋਹ ਦਾ ਮੁੱਖ ਆਕਰਸ਼ਣ ਡਿਗਰੀ ਵੰਡ ਰਿਹਾ, ਜਿਸ ਵਿਚ ਲਗਭਗ 100 ਵਿਦਿਆਰਥਣਾਂ ਨੂੰ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਪੱਧਰ ਦੀਆਂ ਡਿਗਰੀਆਂ ਵੰਡੀਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਐੱਮ.ਏ. ਰਾਜਨੀਤੀ ਵਿਗਿਆਨ ਵਿਚ ਯੂਨੀਵਰਸਿਟੀ ਪੱਧਰ 'ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਅਤੇ ਉਸ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਗਰੀ ਵੰਡ ਸਮਾਰੋਹ ਵਿਚ ਮਾਣਯੋਗ ਸ਼੍ਰੀ ਜਗਦੀਪ ਧਨਖੜ ਉੱਪ ਰਾਸ਼ਟਰਪਤੀ ਭਾਰਤ ਤੋਂ ਡਿਗਰੀ ਪ੍ਰਾਪਤ ਕਰਕੇ ਐੱਸ.ਜੀ.ਜੀ ਕਾਲਜ ਦੇ ਮਾਣ ਵਧਾਉਣ ਵਾਲੀ ਪ੍ਰਾਪਤੀ ਦੀ ਸ਼ਲਾਘਾ ਕੀਤੀ | ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਸੁਦਰਸ਼ਨ ਸ਼ਰਮਾ ਨੇ ਆਖਿਆ ਕਿ ਸਿੱਖਿਆ ਸਿਰਫ਼ ਡਿਗਰੀ ਪ੍ਰਾਪਤ ਕਰਨ ਦਾ ਸਾਧਨ ਨਹੀਂ, ਸਗੋਂ ਜੀਵਨ ਨਿਰਮਾਣ ਤੇ ਰਾਸ਼ਟਰ ਨਿਰਮਾਣ ਦੀ ਬੁਨਿਆਦ ਹੈ | ਇਸ ਸਮੇਂ ਕਾਲਜ ਦੇ ਪ੍ਰਧਾਨ ਰਾਜਿੰਦਰ ਕੌੜਾ ਨੇ ਕਿਹਾ ਕਿ ਇਹ ਕਾਲਜ ਪਿਛਲੇ 5 ਦਹਾਕਿਆਂ ਤੋਂ ਵੱਧ ਸਮੇਂ ਤੋਂ ਇਲਾਕੇ ਵਿਚ ਲੜਕੀਆਂ ਦੀ ਸਿੱਖਿਆ ਦੀ ਮਸ਼ਾਲ ਜਗਾ ਰਿਹਾ ਹੈ | ਸਮਾਰੋਹ ਦੇ ਅੰਤ ਵਿਚ ਸਕੱਤਰ ਸੁਨੀਲ ਸ਼ਰਮਾ ਨੇ ਸਾਰੇ ਮਹਿਮਾਨਾਂ, ਪ੍ਰਬੰਧਕੀ ਕਮੇਟੀ, ਅਧਿਆਪਕ ਵਰਗ, ਮਾਪਿਆਂ ਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੇਮ ਨਾਥ ਗੋਇਲ, ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ, ਪਰਵਿੰਦਰ ਗੋਇਲ, ਮੁਕੇਸ਼ ਮਿੰਟੂ ਕੌੜਾ, ਐੱਸ.ਐਮ ਸ਼ਰਮਾ, ਗੌਰਵ ਸਰੀਨ, ਅਨਿਲ ਸੱਚਰ, ਰਾਮ ਕੁਮਾਰ ਸੋਫਤੀ, ਵਿਵੇਕ ਵਿੱਕੀ ਕੌੜਾ ਆਦਿ ਹਾਜ਼ਰ ਸਨ |