ਮਾਛੀਵਾੜਾ ਸਾਹਿਬ, 25 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਪੁਲਿਸ ਵਲੋਂ ਮਾਛੀਵਾੜਾ ਵਿਖੇ ਨਸ਼ਾ ਤਸਕਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਜਸਦੇਵ ਸਿੰਘ ਜੱਸਾ ਦੀ ਜ਼ਮੀਨ, ਮਕਾਨ ਅਤੇ ਨਵੀਂ ਗੱਡੀ ਜਿਨ੍ਹਾਂ ਦੀ ਕੁੱਲ ਕੀਮਤ 1.27 ਕਰੋੜ ਰੁਪਏ ਬਣਦੀ ਹੈ ਉਸ ਨੰੂ ਅਟੈਚ ਕਰ ਲਿਆ ਗਿਆ | ਅੱਜ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੁਖੀ ਪਵਿੱਤਰ ਸਿੰਘ, ਫਾਇਨਾਂਸ ਅਫ਼ਸਰ ਗਗਨਦੀਪ ਸਿੰਘ, ਮੀਡੀਆ ਇੰਚਾਰਜ ਰਜਿਤ ਕੁਮਾਰ ਵੀ ਮੌਜੂਦ ਸਨ, ਜਸਦੇਵ ਸਿੰਘ ਜੱਸਾ ਦੇ ਘਰ ਪਹੁੰਚੀ ਜਿੱਥੇ ਉਕਤ ਸਾਰੇ ਪ੍ਰਾਪਰਟੀ ਅਟੈਚ ਕਰਨ ਦਾ ਨੋਟਿਸ ਲਗਾਇਆ ਗਿਆ | ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਜਸਦੇਵ ਸਿੰਘ ਜੱਸਾ ਵਾਸੀ ਮਾਛੀਵਾੜਾ ਉੱਪਰ ਨਸ਼ੇ ਦੇ 5 ਮਾਮਲੇ ਦਰਜ ਹਨ, ਜਿਸ ਦੀ ਪ੍ਰਾਪਰਟੀ ਅਟੈਚ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ | ਜਿਸ ਤਹਿਤ 11 ਮਰਲੇ 'ਚ ਬਣਿਆ ਉਸ ਦਾ ਆਲੀਸ਼ਾਨ ਮਕਾਨ, 8 ਕਨਾਲ ਜ਼ਮੀਨ ਅਤੇ 1 ਨਵੀਂ ਸਕਾਰਪਿਓ ਗੱਡੀ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲਿਸ ਦੀ ਇੱਕ ਵਧੀਆ ਕਾਰਗੁਜ਼ਾਰੀ ਹੈ ਜਿਸ ਨੇ ਅਜਿਹੇ ਨਸ਼ਾ ਤਸਕਰਾਂ ਖ਼ਿਲਾਫ਼ ਇਹ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਹੈ | ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਕਿਹਾ ਕਿ ਐੱਸ. ਐੱਸ. ਪੀ. ਖੰਨਾ ਦਰਪਣ ਆਹਲੂਵਾਲੀਆ ਦੇ ਨਿਰਦੇਸ਼ ਹਨ ਕਿ ਜਿਹੜੇ ਵੀ ਨਸ਼ਾ ਤਸਕਰਾਂ ਨੇ ਪੰਜਾਬ ਦੀ ਜਵਾਨੀ ਤਬਾਹ ਕਰ ਕੇ ਜਾਇਦਾਦਾਂ ਬਣਾਈਆਂ ਹਨ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਪਰਿਵਾਰਕ ਮੈਂਬਰ ਨੇ ਵੀ ਇਹ ਨਸ਼ੇ ਦੀ ਕਮਾਈ ਨਾਲ ਪ੍ਰਾਪਰਟੀ ਬਣਾਈ ਹੋਈ ਹੈ ਉਸ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਡੀ. ਐੱਸ. ਪੀ. ਨੇ ਨਸ਼ਾ ਤਸਕਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਮਾੜੇ ਕੰਮ ਛੱਡ ਦੇਣ ਨਹੀਂ ਤਾਂ ਮਾਮਲਾ ਦਰਜ ਕਰਨ ਤੋਂ ਇਲਾਵਾ ਉਨ੍ਹਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾਣਗੀਆਂ | ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਨਸ਼ਾ ਤਸਕਰ ਜਸਦੇਵ ਸਿੰਘ ਜੱਸਾ ਖ਼ਿਲਾਫ਼ ਨਸ਼ਾ ਤਸਕਰੀ ਦੇ 5 ਮਾਮਲੇ ਦਰਜ ਕੀਤੇ ਹਨ, ਜਿਸ ਵਿਚ ਸੰਨ 2015 'ਚ 12 ਕਿੱਲੋ ਭੁੱਕੀ ਦਾ ਮਾਮਲਾ, ਸੰਨ 2017 'ਚ 250 ਗ੍ਰਾਮ ਅਫ਼ੀਮ ਅਤੇ 8 ਕਿੱਲੋ ਭੁੱਕੀ, ਸੰਨ 2025 'ਚ 5 ਗ੍ਰਾਮ ਹੈਰੋਇਨ ਤੋਂ ਇਲਾਵਾ 21.90 ਗ੍ਰਾਮ ਹੈਰੋਇਨ ਤੇ 4100 ਰੁਪਏ ਡਰੱਗ ਮਨੀ ਸ਼ਾਮਲ ਹੈ |