ਦੋਰਾਹਾ, 25 ਫਰਵਰੀ (ਮਨਜੀਤ ਸਿੰਘ ਗਿੱਲ)-ਮੋਹਾਲੀ, ਸਿੱਖਿਆ ਮਹਿਕਮੇ ਵਿੱਚ ਪਿਛਲੇ ਕਰੀਬ 20-20 ਸਾਲਾਂ ਤੋਂ ਸੇਵਾ ਨਿਭਾਅ ਰਹੇ ਸਮਗਰਾ ਸਿੱਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀਆਂ ਨਾਲ ਹੋ ਰਹੀ ਨਾਇਨਸਾਫ਼ੀ ਦੇ ਖ਼ਿਲਾਫ਼ ਅੱਜ ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਵੱਲੋਂ ਕੀਤੇ ਲਾਠੀਚਾਰਜ ਦੀ ਮਨਿਸਟਰੀਅਲ ਸਟਾਫ਼ ਯੂਨੀਅਨ, ਸਿੱਖਿਆ ਵਿਭਾਗ ਪੰਜਾਬ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਯੂਨੀਅਨ ਆਗੂਆਂ ਨੇ ਦੱਸਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਪਹਿਲਾਂ ਲਗਭਗ 50,000 ਰੁਪਏ ਤਨਖ਼ਾਹ ਮਿਲਦੀ ਸੀ, ਉਨ੍ਹਾਂ ਨੂੰ ਪੱਕਾ ਕਰਨ ਦੇ ਨਾਂ 'ਤੇ ਤਕਰੀਬਨ 19,000 ਰੁਪਏ ਦੇ ਘਟੇ ਹੋਏ ਵੇਤਨ 'ਤੇ ਲਿਆ ਗਿਆ ਹੈ | ਇਸ ਤੋਂ ਇਲਾਵਾ, 20 ਸਾਲ ਦੀ ਲੰਬੀ ਨੌਕਰੀ ਦੇ ਬਾਵਜੂਦ ਉਨ੍ਹਾਂ 'ਤੇ ਮੁੜ 3 ਸਾਲ ਦਾ ਪਰਖ ਕਾਲ (ਪ੍ਰੋਬੇਸ਼ਨ ਪੀਰੀਅਡ) ਲਾਗੂ ਕਰਨ ਦੀ ਸ਼ਰਤ ਵੀ ਥੋਪੀ ਗਈ ਹੈ, ਜਿਸ ਨਾਲ ਕਰਮਚਾਰੀਆਂ ਵਿਚ ਭਾਰੀ ਰੋਸ ਹੈ | ਯੂਨੀਅਨ ਨੇ ਕਿਹਾ ਕਿ ਤਨਖਾਹ ਵਿੱਚ ਕੀਤੀ ਗਈ ਕਟੌਤੀ ਨਾ ਸਿਰਫ਼ ਅਨਿਆਇਕ ਹੈ, ਸਗੋਂ ਕਰਮਚਾਰੀਆਂ ਦੀ ਆਰਥਿਕ ਹਾਲਤ 'ਤੇ ਵੀ ਗੰਭੀਰ ਅਸਰ ਪਾ ਰਹੀ ਹੈ | ਮਨਿਸਟਰੀਅਲ ਸਟਾਫ ਯੂਨੀਅਨ, ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ (ਲੁਧਿਆਣਾ) ਨੇ ਸਾਂਝੇ ਬਿਆਨ ਵਿਚ ਮੰਗ ਕੀਤੀ ਹੈ ਕਿ ਸਮਗਰਾ ਸਿੱਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀਆਂ ਦੀ ਮਿਲਦੀ ਤਨਖ਼ਾਹ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਪੁਰਾਣੇ ਪੰਜਾਬ ਪੇ ਸਕੇਲ ਅਨੁਸਾਰ ਰੈਗੂਲਰ ਕੀਤਾ ਜਾਵੇ |