ਖੰਨਾ, 25 ਫਰਵਰੀ (ਹਰਜਿੰਦਰ ਸਿੰਘ ਲਾਲ)-ਭਾਜਪਾ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਕ ਪੱਤਰ ਲਿਖ ਕੇ ਦਿੱਲੀ ਦੇ ਇੱਕ ਅਕਾਲੀ ਆਗੂ ਵੱਲੋਂ ਰਾਹੁਲ ਗਾਂਧੀ ਨੂੰ ਫੁੱਲ ਭੇਟ ਕਰਨ ਅਤੇ ਸਿੱਖ ਮਸਲਿਆਂ ਲਈ ਮਦਦ ਮੰਗਣ ਵਿਰੁੱਧ ਸ਼ਿਕਾਇਤ ਕੀਤੀ ਹੈ | ਚੰਨੀ ਨੇ ਕਿਹਾ ਕਿ ਅਕਾਲੀ ਆਗੂ ਹਰਵਿੰਦਰ ਸਿੰਘ ਸਰਨਾ ਵਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਫੁੱਲ ਭੇਟ ਕਰਕੇ ਉਨ੍ਹਾਂ ਕੋਲੋਂ ਸਿੱਖ ਕੌਮ ਦੇ ਮਸਲਿਆਂ ਲਈ ਮਦਦ ਮੰਗਣ ਦੀ ਘਟਨਾ ਨੇ ਸੰਸਾਰ ਭਰ ਦੀ ਸਿੱਖ ਸੰਗਤ ਨੂੰ ਗਹਿਰਾ ਝਟਕਾ ਦਿੱਤਾ ਹੈ | ਉਨ੍ਹਾਂ ਨੇ ਸੰਬੰਧਿਤ ਆਗੂ ਨੂੰ ਅਕਾਲ ਤਖ਼ਤ ਸਾਹਿਬ ਅੱਗੇ ਤਲਬ ਕਰਕੇ ਆਪਣਾ ਸਪੱਸ਼ਟੀਕਰਨ ਮੰਗਣ ਦੀ ਬੇਨਤੀ ਵੀ ਕੀਤੀ |