ਪਾਇਲ, 3 ਮਾਰਚ (ਨਿਜ਼ਾਮਪੁਰ, ਰਜਿੰਦਰ ਸਿੰਘ)-ਸੂਬਾ ਸਰਕਾਰ ਵੱਲੋਂ ਲੋਕ ਪੱਖੀ ਫ਼ੈਸਲਿਆਂ ਤਹਿਤ ਪੰਜਾਬ ਨੂੰ ਤਰੱਕੀ ਵੱਲ ਲਿਜਾਇਆ ਜਾ ਰਿਹਾ ਹੈ, ਜਿਸ ਨੰੂ ਦੇਖ ਕੇ ਵਿਰੋਧੀਆਂ ਵਿਚ ਘਬਰਾਹਟ ਪੈਦਾ ਹੋ ਗਈ ਹੈ ਤੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਏ ਦਿਨ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪ ਆਗੂ ਹਰਿੰਦਰ ਸਿੰਘ ਕੋਟਲੀ ਦੇ ਯਤਨਾਂ ਸਦਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕੋਟਲੀ ਦੇ ਪਿੰਡ ਦੀ ਸਰਪੰਚ ਸੰਦੀਪ ਕੌਰ, ਪੰਚ ਧਰਮਪਾਲ ਸਿੰਘ, ਪੰਚ ਸਰਬਜੀਤ ਸਿੰਘ ਵੱਲੋ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਰੱਖੇ ਸਮਾਗਮ ਦੌਰਾਨ ਸਨਮਾਨ ਕਰਨ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਜਿੱਥੇ ਕੋਟਲੀ ਪਿੰਡ ਤੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਸਨਮਾਨ ਦਿੱਤਾ ਜਾਵੇਗਾ, ਉੱਥੇ ਕੋਟਲੀ ਪਿੰਡ ਵਿਚ ਪਾਰਟੀ ਨਾਲ ਜੁੜੇ ਵਰਕਰਾਂ ਦੇ ਹਿੱਤਾ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾਵੇਗਾ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋ ਗਲਤ ਨੀਤੀਆਂ ਕਾਰਨ ਸਾਡੇ ਬੱਚਿਆਂ ਦਾ ਭਵਿੱਖ ਖ਼ਰਾਬ ਹੋਇਆ ਹੈ ਤੇ ਹੁਣ ਸਾਡੀ ਸਰਕਾਰ ਨੇ ਸਕੂਲ ਆਫ਼ ਐਮੀਨੈਂਸ ਤਹਿਤ ਸਕੂਲਾਂ ਦੀ ਦਸ਼ਾ ਵਿਚ ਸੁਧਾਰ ਕੀਤਾ ਹੈ, ਜਿਸ ਕਰਕੇ ਹੁਣ ਸਾਡੇ ਵਿਦਿਆਰਥੀ ਪ੍ਰੀਖਿਆਵਾਂ ਪਾਸ ਕਰਕੇ ਉੱਚੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋਣ ਲੱਗੇ ਹਨ | ਇਸ ਤੋਂ ਇਲਾਵਾ ਸਕੂਲਾਂ ਵਿਚ ਬਿਜਨਲ ਬਲਾਸਟਰ ਸਕੀਮ ਸ਼ੁਰੂ ਕੀਤੀ ਹੈ ਜਿਸ ਨਾਲ ਹੁਣ ਆਪਣਾ ਕੰਮ ਸ਼ੁਰੂ ਕਰਨ ਦੇ ਸਮਰੱਥ ਹੋਣਗੇ | ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿਹਤ ਯੋਜਨਾ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੂਪੈ ਦੇ ਮੁਫ਼ਤ ਇਲਾਜ ਲਈ ਹੈਲਥ ਕਾਰਡ ਦੀ ਸ਼ੁਰੂਆਤ ਕੀਤੀ ਹੈ | ਜਿਸ ਨਾਲ ਹਰ ਪੰਜਾਬੀ ਆਪਣਾ ਇਲਾਜ ਕਰਵਾ ਸਕੇਗਾ | ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵੇਲੇ ਹਲਕਾ ਪਾਇਲ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਸੀ ਤੇ ਸਾਡੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੜਕਾਂ ਨੂੰ ਚੌੜਾ ਕਰਕੇ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਾਸੀਆਂ ਨੂੰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਦੇ ਪੀ. ਏ ਮਨਵਿੰਦਰ ਸਿੰਘ ਗਿਆਸਪੁਰਾ, ਸੀਨੀਅਰ ਆਗੂ ਏ. ਪੀ, ਜੱਲਾ, ਬੂਟਾ ਸਿੰਘ ਰਾਣੋ, ਸਰਪੰਚ ਰਮਨਦੀਪ ਸਿੰਘ, ਸਰਪੰਚ ਮਲਦੀਪ ਸਿੰਘ ਸ਼ਾਹਪੁਰ, ਗੁਰਕੀਰਤ ਸਿੰਘ, ਲਵਦੀਪ ਸਿੰਘ, ਸੁਖਦੀਪ ਸਿੰਘ, ਬਲਦੇਵ ਸਿੰਘ, ਦਿਲਬਾਗ ਸਿੰਘ, ਜਸਕੀਰਤ ਸਿੰਘ ਬੰਟੀ, ਜਗਦੀਪ ਸਿੰਘ, ਕਰਮਜੀਤ ਸਿੰਘ, ਸਾਬਕਾ ਪੰਚ ਸੁਰਿੰਦਰ ਕੌਰ, ਸਾਬਕਾ ਪੰਚ ਰਣਜੀਤ ਸਿੰਘ, ਸਾਬਕਾ ਸਰਪੰਚ ਪੰਜਾਬ ਸਿੰਘ, ਮੇਵਾ ਸਿੰਘ, ਬੂਟਾ ਸਿੰਘ, ਰਜਿੰਦਰ ਕੌਰ, ਅਰਸ਼ਦੀਪ ਸਿੰਘ, ਸੁਖਦੀਪ ਸਿੰਘ ਅਤੇ ਕੋਟਲੀ ਪਿੰਡ ਦੇ ਪਤਵੰਤੇ ਹਾਜ਼ਰ ਸਨ |