ਖੰਨਾ, 11 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਆਸ਼ਿਕੀ' ਦੇ ਕਿੱਸੇ ਸੁਣਾਉਣ ਵਾਲੇ ਬਿਆਨ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ | ਖ਼ਾਨ ਨੇ ਕਿਹਾ ਕਿ ਕੁੜੀਆਂ ਬਾਰੇ ਅਜਿਹੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਨੂੰ ਸੱਤਾ ਦੀ ਕੁਰਸੀ 'ਤੇ ਬੈਠਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਅਤੇ ਸੂਰਬੀਰਾਂ ਦੀ ਹੈ, ਜਿੱਥੇ ਧੀਆਂ ਦੀ ਰੱਖਿਆ ਲਈ ਜਾਨਾਂ ਦਿੱਤੀਆਂ ਜਾਂਦੀਆਂ ਹਨ, ਪਰ ਸੂਬੇ ਦੇ ਮੁਖੀ ਨੇ ਆਪਣੀ ਘਟੀਆ ਬਿਆਨਬਾਜ਼ੀ ਨਾਲ ਪੂਰੀ ਪੰਜਾਬੀਅਤ ਨੂੰ ਦੁਨੀਆ ਭਰ ਵਿੱਚ ਸ਼ਰਮਸਾਰ ਕਰ ਦਿੱਤਾ ਹੈ | ਆਮ ਆਦਮੀ ਪਾਰਟੀ 'ਤੇ ਸਿੱਧਾ ਹਮਲਾ ਬੋਲਦਿਆਂ ਖ਼ਾਨ ਨੇ ਕਿਹਾ ਕਿ ਅਜਿਹੇ ਕਿਰਦਾਰ ਵਾਲੇ ਮੁੱਖ ਮੰਤਰੀ ਤੋਂ ਪੰਜਾਬ ਦੇ ਲੋਕ ਆਪਣੀਆਂ ਨੂੰਹਾਂ-ਧੀਆਂ ਦੀ ਸੁਰੱਖਿਆ ਦੀ ਕੀ ਉਮੀਦ ਰੱਖ ਸਕਦੇ ਹਨ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਆਪਣੀ ਪੁਰਾਣੀ 'ਆਸ਼ਿਕੀ' ਦੇ ਕਿੱਸੇ ਜਨਤਕ ਮੰਚਾਂ ਤੋਂ ਸੁਣਾ ਕੇ ਪੰਜਾਬ ਦੇ ਅਮੀਰ ਸਭਿਆਚਾਰ ਦਾ ਅਪਮਾਨ ਕਰਦੇ ਹਨ | ਦਿਲਬਰ ਮੁਹੰਮਦ ਖ਼ਾਨ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਭਗਵੰਤ ਮਾਨ ਵਿੱਚ ਥੋੜ੍ਹੀ ਵੀ ਨੈਤਿਕਤਾ ਬਚੀ ਹੈ, ਤਾਂ ਉਨ੍ਹਾਂ ਨੂੰ ਆਪਣੀ ਇਸ ਸ਼ਰਮਨਾਕ ਹਰਕਤ ਦੀ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ |