ਸਾਹਨੇਵਾਲ, 3 ਅਪ੍ਰੈਲ (ਹਨੀ ਚਾਠਲੀ)-ਅੱਜ ਪੁਰਾਣੀ ਅਨਾਜ ਮੰਡੀ ਵਿਖੇ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਅਨਾਜ ਮੰਡੀ ਸਾਹਨੇਵਾਲ ਦੇ ਪ੍ਰਧਾਨ ਕਰਨ ਅਨੇਜਾ ਦੀ ਅਗਵਾਈ ਹੇਠ ਮੀਟਿੰਗ ਹੋਈ | ਪ੍ਰਧਾਨ ਕਰਨ ਅਨੇਜਾ ਨੇ ਕਿਹਾ ਕਿ ਮੀਟਿੰਗ ਦੌਰਾਨ ਆੜ੍ਹਤੀਆਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ ਵਿਚਾਰ ਚਰਚਾ ਕੀਤੀ ਗਈ ਅਤੇ ਫੈਡਰੇਸ਼ਨ ਆਫ਼ ਆੜ੍ਹਤੀਆ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਵਲੋਂ ਜਿੱਥੇ ਇਕ ਅਪ੍ਰੈਲ ਤੋਂ ਦਾਣਾ ਮੰਡੀਆਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਹੈ, ਉੱਥੇ ਹੀ ਅੱਜ ਸਾਹਨੇਵਾਲ ਦੇ ਆੜ੍ਹਤੀਆਂ ਨੇ ਵੀ ਪੰਜਾਬ ਪ੍ਰਧਾਨ ਵਿਜੇ ਕਾਲੜਾ ਦੇ ਫ਼ੈਸਲੇ ਦਾ ਸਮਰਥਨ ਕੀਤਾ ਗਿਆ | ਪ੍ਰਧਾਨ ਅਨੇਜਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਸਾਹਨੇਵਾਲ ਦੇ ਅਧੀਨ ਆਉਂਦੀਆਂ ਦਾਣਾ ਮੰਡੀਆਂ ਅੰਦਰ ਸਰਕਾਰੀ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਮੁਕੰਮਲ ਬਾਈਕਾਟ ਰਹੇਗਾ | ਉਨ੍ਹਾਂ ਦੱਸਿਆ ਕਿ ਆੜ੍ਹਤੀ ਭਾਈਚਾਰੇ ਦੀਆਂ ਮੰਗਾਂ ਨੂੰ ਸਰਕਾਰ ਅਣਗੌਲਿਆ ਕਰ ਰਹੀ ਹੈ, ਜਿਸ ਕਾਰਨ ਮਜਬੂਰਨ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਆੜ੍ਹਤੀਆਂ ਨੂੰ ਪੂਰੀ ਆੜ੍ਹਤ, ਜਿਹੜੀਆਂ ਦਾਣਾ ਮੰਡੀਆਂ 'ਚ ਕਾਰਟੇਜ ਪ੍ਰਕਿਰਿਆ ਚੱਲ ਰਹੀ ਹੈ, ਉਸ ਨੂੰ ਟਰਾਂਸਪੋਰਟ ਪ੍ਰਕਿਰਿਆ 'ਚ ਬਦਲਿਆ ਜਾਵੇ ਤਾਂ ਜੋ ਆੜ੍ਹਤੀਆਂ ਦਾ ਹੁੰਦਾ ਵਿੱਤੀ ਨੁਕਸਾਨ ਬਚ ਸਕੇ, ਐੱਫ. ਸੀ. ਆਈ. ਵਲੋਂ ਆੜ੍ਹਤੀਆਂ ਦਾ ਕੱਟਿਆ ਗਿਆ ਪੈਸਾ ਤੁਰੰਤ ਜਾਰੀ ਕੀਤਾ ਜਾਵੇ ਅਤੇ ਕਣਕ ਦੀ ਸਟੋਰੇਜ ਸਮੱਸਿਆ ਦਾ ਤੁਰੰਤ ਹੱਲ ਕੱਢਿਆ ਜਾਵੇ | ਉਨ੍ਹਾਂ ਮਾਰਕੀਟ ਕਮੇਟੀ ਸਾਹਨੇਵਾਲ ਦੇ ਅਧੀਨ ਆਉਂਦੀਆਂ ਅਨਾਜ ਮੰਡੀਆਂ ਦੇ ਆੜ੍ਹਤੀਆਂ ਨੂੰ ਹੜਤਾਲ ਦਾ ਸਮਰਥਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਰਮੇਸ਼ ਕੁਮਾਰ ਪੱਪੂ ਸਾਬਕਾ ਪ੍ਰਧਾਨ, ਦਲਜੀਤ ਸਿੰਘ ਅਟਵਾਲ, ਸੁਖਵੰਤ ਸਿੰਘ ਸੁੱਖੀ, ਮਹਿੰਦਰ ਕੁਮਾਰ, ਜਗਵੀਰ ਸਿੰਘ, ਜਤਿੰਦਰ ਸਿੰਘ ਗਿੱਲ, ਇਕਬਾਲ ਸਿੰਘ, ਨਗਿੰਦਰ ਸਿੰਘ, ਗੁਰਮੇਲ ਸਿੰਘ, ਰਣਧੀਰ ਸਿੰਘ ਧੀਰਾ, ਲਖਵੀਰ ਸਿੰਘ, ਵਿਪਨ ਕੁਮਾਰ, ਹਰਬੰਸ ਲਾਲ, ਬਲਰਾਮ ਪਾਠਕ, ਯਸ਼ਪਾਲ ਮਲਿਕ, ਸਤੀਸ਼ ਕੁਮਾਰ, ਗੁਰਦੀਪ ਬੇਦੀ, ਮੈਕੀ ਚਿੱਟਕਾਰਾ, ਹੈਰੀ ਅਨੇਜਾ ਆਦਿ ਹਾਜ਼ਰ ਸਨ |