14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕੁਹਾੜਾ ਪਿੰਡ 'ਚ ਸਮੱਸਿਆ ਬਣੀਆਂ ਨੀਵੀਂਆਂ ਲਟਕਦੀਆਂ ਤਾਰਾਂ-ਕੰਬਾਈਨਾਂ ਦੀ ਆਵਾਜਾਈ ਬਣੀ ਮੁਸ਼ਕਿਲ

Ad Position 21
No active advertisement
ਅਜੀਤ ਡੈਸਕ 11-04-2026
ਕੁਹਾੜਾ, 10 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਕੁਹਾੜਾ ਵਿਚ ਬਿਜਲੀ ਅਤੇ ਨੈੱਟ ਦੀਆਂ ਨੀਵੀਂਆਂ ਅਤੇ ਢਿੱਲੀਆਂ ਤਾਰਾਂ ਹੁਣ ਪਿੰਡ ਵਾਸੀਆਂ ਲਈ ਸਿਰਫ਼ ਪਰੇਸ਼ਾਨੀ ਨਹੀਂ, ਸਗੋਂ ਜਾਨਲੇਵਾ ਖ਼ਤਰਾ ਬਣਦੀਆਂ ਜਾ ਰਹੀਆਂ ਹਨ | ਪਿੰਡ ਦੇ ਗਲੀਆਂ-ਮੁਹੱਲਿਆਂ ਤੋਂ ਲੈ ਕੇ ਫਿਰਨੀਆਂ ਤੱਕ ਹਰ ਥਾਂ ਲਟਕ ਰਹੀਆਂ ਤਾਰਾਂ ਨਾਲ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ | ਸਥਾਨਕ ਲੋਕਾਂ ਦੇ ਅਨੁਸਾਰ ਇਹ ਸਮੱਸਿਆ ਨਵੀਂ ਨਹੀਂ ਹੈ | ਪਿਛਲੇ ਸਮੇਂ ਦੌਰਾਨ ਵੀ ਨੀਵੀਂਆਂ ਤਾਰਾਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਸੰਬੰਧਿਤ ਵਿਭਾਗਾਂ ਵਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ | ਹਾਲਾਤ ਇੰਨੇ ਗੰਭੀਰ ਹੋ ਚੁੱਕੇ ਹਨ ਕਿ ਹਰ ਵੇਲੇ ਕਿਸੇ ਵੱਡੀ ਅਣਚਾਹੀ ਘਟਨਾ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ | ਕੁਹਾੜਾ ਪਿੰਡ ਦੇ ਵਸਨੀਕ ਪ੍ਰਧਾਨ ਨਿਰਪਾਲ ਸਿੰਘ ਗਰਚਾ, ਬਲਾਕ ਸੰਮਤੀ ਮੈਂਬਰ ਅਜਮੇਰ ਸਿੰਘ ਲਾਲੀ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ, ਜੋ ਕਿਸਾਨਾਂ ਲਈ ਸਾਲ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੁੰਦਾ ਹੈ | ਪਰ ਪਿੰਡ ਦੇ ਚਾਰਾਂ ਪਾਸਿਆਂ, ਖ਼ਾਸ ਕਰ ਕੇ ਫਿਰਨੀਆਂ ਦੇ ਦਾਖ਼ਲਿਆਂ 'ਤੇ ਲਟਕ ਰਹੀਆਂ ਨੀਵੀਂਆਂ ਤਾਰਾਂ ਨੇ ਕੰਬਾਈਨਾਂ ਦੀ ਆਵਾਜਾਈ ਮੁਸ਼ਕਲ ਬਣਾ ਦਿੱਤੀ ਹੈ | ਕਿਸਾਨਾਂ ਨੇ ਦੱਸਿਆ ਕਿ ਉਨਾਂ ਨੂੰ ਆਪਣੇ ਖੇਤਾਂ ਤੱਕ ਕੰਬਾਈਨ ਲੈ ਜਾਣ ਲਈ ਕਾਫ਼ੀ ਮਸ਼ੱਕਤ ਕਰਨੀ ਪੈਂਦੀ ਹੈ, ਜਿਸ ਕਾਰਨ ਵਾਢੀ ਦਾ ਕੰਮ ਲੇਟ ਹੋ ਰਿਹਾ ਹੈ | ਉੱਪਰੋਂ ਮੌਸਮ ਦੇ ਬਦਲਦੇ ਮਿਜ਼ਾਜ ਅਤੇ ਅਸਮਾਨ 'ਚ ਮੰਡਰਾ ਰਹੇ ਬੱਦਲ ਉਨਾਂ ਦੀ ਚਿੰਤਾ ਨੂੰ ਹੋਰ ਵਧਾ ਰਹੇ ਹਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਨਾ ਸਿਰਫ਼ ਹਾਦਸਿਆਂ ਦਾ ਖ਼ਤਰਾ ਵਧੇਗਾ, ਸਗੋਂ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ | ਇਸ ਸਬੰਧੀ ਉਪ-ਮੰਡਲ ਅਫ਼ਸਰ ਕੁਹਾੜਾ ਐੱਸ. ਡੀ. ਓ. ਗੁਣਦੀਪ ਸਿੰਘ ਮੜੀਆ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਸ਼ਹਿਰ 'ਚ ਟਕਸਾਲੀ ਅਕਾਲੀ ਆਗੂ ਦਰਜਨ ਪਰਿਵਾਰਾਂ ਸਮੇਤ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਸਮਰਾਲਾ 'ਚ ਕਣਕ ਦੀ ਸਰਕਾਰੀ ਖ਼ਰੀਦ ਦਾ ਮੱਲ ਮਾਜਰਾ ਨੇ ਕੀਤਾ ਉਦਘਾਟਨ
Ad Position 24