ਕੁਹਾੜਾ, 16 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਵਿਧਾਨ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੀ ਅਨਾਜ ਮੰਡੀ ਕੂੰਮਕਲਾਂ ਵਿਚ ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਰ ਕੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦਾਣਾ ਮੰਡੀ ਕੂੰਮਕਲਾਂ ਦਾ ਜਾਇਜ਼ਾ ਲੈਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ | ਮੰਡੀ ਵਿਚ ਹਰ ਪਾਸੇ ਅਫ਼ਰਾ ਤਫ਼ਰੀ ਦਾ ਮਾਹੌਲ ਹੈ ਅਤੇ ਅਜੇ ਤੱਕ ਨਾ ਹੀ ਢੰਗ ਨਾਲ ਰੇਟ ਲੱਗੇ ਹਨ ਅਤੇ ਨਾ ਹੀ ਬਾਰਦਾਨਾ ਪਹੁੰਚਿਆ ਹੈ | ਸਿਮਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸਾਨਾਂ ਨੂੰ 10-10 ਦਿਨਾਂ ਤੋਂ ਮੰਡੀਆਂ ਵਿਚ ਬੈਠਣਾ ਪੈ ਰਿਹਾ ਹੈ | ਜਦਕਿ ਤਾਪਮਾਨ 35-36 ਡਿਗਰੀ ਤੱਕ ਪਹੁੰਚ ਚੁੱਕਾ ਹੈ ਅਤੇ ਮੌਸਮ ਦੀ ਅਨਿਸ਼ਚਿਤਤਾ ਕਾਰਨ ਹਰ ਵੇਲੇ ਮੀਂਹ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਕਿਹਾ ਜੇਕਰ ਮੀਂਹ ਪੈਂਦਾ ਹੈ ਤਾਂ ਫ਼ਸਲ ਲਈ ਨੁਕਸਾਨ ਦਾਇਕ ਹੋਵੇਗਾ | ਉਨ੍ਹਾਂ ਕਿਹਾ ਕਿ ਕਣਕ ਦੀ ਲਿਫ਼ਟਿੰਗ ਨਾ ਹੋਣ ਕਰ ਕੇ ਮੰਡੀਆਂ ਵਿਚ ਜਗ੍ਹਾ ਦੀ ਘਾਟ ਕਾਰਨ ਕਈ ਕਿਸਾਨਾਂ ਦੀਆਂ ਟਰਾਲੀਆਂ ਘਰਾਂ ਵਿਚ ਖੜੀਆਂ ਹਨ ਅਤੇ ਉਹ ਵਾਰ-ਵਾਰ ਮੰਡੀ ਦੇ ਚੱਕਰ ਕੱਟਣ ਲਈ ਮਜਬੂਰ ਹਨ | ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਚਾਰ ਤੋਂ ਬਾਹਰ ਨਿਕਲ ਕੇ ਜ਼ਮੀਨੀ ਹਕੀਕਤ ਨੂੰ ਸਮਝਿਆ ਜਾਵੇ ਅਤੇ ਤੁਰੰਤ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਰੇਟ ਲਗਾਏ ਜਾਣ, ਬਾਰਦਾਨਾ ਉਪਲਬਧ ਕਰਵਾਇਆ ਜਾਵੇ ਅਤੇ ਲਿਫ਼ਟਿੰਗ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਮੌਕੇ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ, ਗੁਰਜੀਤ ਸਿੰਘ ਜੋਨੀ ਵਿਰਕ, ਪਰਗਟ ਸਿੰਘ, ਆਦਿ ਹਾਜ਼ਰ ਸਨ |