ਮਾਛੀਵਾੜਾ ਸਾਹਿਬ, 16 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਵਲੋਂ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਖ਼ਾਲਸਾ ਸਾਜਨਾ ਦਿਵਸ' ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ, ਪਟਿਆਲਾ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਧਾਰਮਿਕ ਗਤੀਵਿਧੀਆਂ ਦੀ ਪੇਸ਼ਕਾਰੀ ਅਤੇ ਪ੍ਰਦਰਸ਼ਨੀ ਕਰਵਾਈ ਗਈ ਸੀ | ਕਾਲਜ ਵਿਦਿਆਰਥਣਾਂ ਵਲੋਂ ਦੀਵਾਨ ਹਾਲ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਸਥਾ ਵਲੋਂ ਉਲੀਕੇ ਗੁਰਮਤਿ ਸਮਾਗਮ 'ਚ ਸ਼ਬਦ ਕੀਰਤਨ, ਕਵੀਸ਼ਰੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਕਵਿਤਾ ਰਾਹੀਂ ਹਾਜ਼ਰੀ ਲਗਵਾਈ ਗਈ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਪ੍ਰੇਰਨਾ ਅਤੇ ਉਤਸ਼ਾਹ ਸਦਕਾ ਗੁਰਬਾਣੀ 'ਚ ਵਰਣਿਤ ਪੌਦਿਆਂ ਅਤੇ ਹਵਾ ਦੀ ਸ਼ੁੱਧਤਾ ਰੱਖਣ ਵਾਲੇ ਪੌਦਿਆਂ ਦੀ ਪ੍ਰਦਰਸ਼ਨੀ ਵੀ ਵਿਸ਼ੇਸ਼ ਤੌਰ 'ਤੇ ਲਗਾਈ ਗਈ, ਜੋ ਕਿ ਤਖ਼ਤ ਸਾਹਿਬ ਤੇ ਨਤਮਸਤਕ ਹੋਣ ਲਈ ਆਈ ਸੰਗਤ ਲਈ ਖਿੱਚ ਦਾ ਕੇਂਦਰ ਬਣੀ ਰਹੀ | ਸਮਾਗਮ 'ਚ ਵਿਸ਼ੇਸ਼ ਤੌਰ ਤੇ ਪੁੱਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸ ਅਤੇ ਸਿਧਾਂਤਾਂ ਨਾਲ ਜੋੜਨ ਦਾ ਇਹ ਯਤਨ ਭਵਿੱਖ 'ਚ ਵਧੀਆ ਨਤੀਜੇ ਲੈ ਕੇ ਆਵੇਗਾ | ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸਮਾਗਮ 'ਚ ਖ਼ਾਸ ਤੌਰ 'ਤੇ ਪੁੱਜੇ ਜਿਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਟੀਚਾ ਵਿਦਿਆਰਥੀਆਂ ਨੂੰ ਦੁਨਿਆਵੀ ਸਿੱਖਿਆ ਦੇ ਨਾਲ ਧਰਮ ਅਤੇ ਵਿਰਸੇ ਨਾਲ ਜੋੜਨਾ ਅਤੇ ਸਿੱਖੀ ਸਿਧਾਂਤਾਂ 'ਚ ਪਰਪੱਕ ਕਰਨਾ ਵੀ ਹੈ | ਪ੍ਰਧਾਨ ਸਾਹਿਬ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਮਾਡਲਾਂ ਤੇ ਹੋਰ ਪੇਸ਼ਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ | ਸ਼੍ਰੋਮਣੀ ਕਮੇਟੀ ਦੇ ਵਿੱਦਿਆ ਸਕੱਤਰ ਇੰਜ. ਸੁਖਮਿੰਦਰ ਸਿੰਘ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ ਨੂੰ ਵੱਖ-ਵੱਖ ਜ਼ੋਨਾਂ 'ਚ ਵੰਡ ਕੇ ਤਿੰਨੋਂ ਤਖ਼ਤ ਸਾਹਿਬਾਨ ਵਿਖੇ ਉਲੀਕੇ ਪ੍ਰੋਗਰਾਮਾਂ 'ਚ ਵਿਦਿਆਰਥੀਆਂ ਵਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ ਹੈ | ਸਮਾਗਮ ਮੌਕੇ ਕਾਲਜ ਵਿਦਿਆਰਥਣਾਂ ਅਤੇ ਸਟਾਫ਼ ਵਲੋਂ ਨੀਲੇ ਅਤੇ ਕੇਸਰੀ ਦੁਪੱਟੇ ਸਜਾਏ ਗਏ | ਬੀਬੀ ਹਰਜਿੰਦਰ ਕੌਰ ਮੈਂਬਰ ਅੰਤਿ੍ੰਗ ਕਮੇਟੀ ਸ਼੍ਰੋਮਣੀ ਗੁ. ਪ੍ਰ. ਕਮੇਟੀ ਆਦਿ ਹਾਜ਼ਰ ਸਨ |