ਖੰਨਾ, 17 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੁਲਿਸ ਵੱਲੋਂ ਟਾਵਰਾਂ ਤੋਂ ਮਹਿੰਗੇ ਕਾਰਡ ਚੋਰੀ ਕਰਕੇ ਕੌਡੀਆਂ ਦੇ ਭਾਅ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ | ਡੀ. ਐਸ. ਪੀ ਵਿਨੋਦ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਰਣਧੀਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਗਈ ਸੀ ਕਿ ਏਅਰਟੈੱਲ ਕੰਪਨੀ ਦੇ ਟਾਵਰਾਂ ਤੋਂ ਕਾਰਡ ਚੋਰੀ ਹੋ ਰਹੇ ਹਨ | ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਐਸ. ਐੱਚ. ਓ ਸਦਰ ਸੰਦੀਪ ਕੁਮਾਰ ਅਤੇ ਸਬ ਇੰਸਪੈਕਟਰ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਟੈਕਨੀਕਲ ਸੈਲ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ | ਜਾਂਚ ਦੌਰਾਨ ਪੁਲਿਸ ਨੇ ਕਥਿਤ ਦੋਸ਼ੀਆਂ ਪੰਕਜ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ, ਅਖਲੇਸ਼ ਅਤੇ ਸਚਿਨ (ਨਿਵਾਸੀ ਅੰਬਾਲਾ) ਨੂੰ ਕਾਬੂ ਕੀਤਾ | ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਇਸਦਾ ਸਾਥੀ ਪਹਿਲਾਂ ਹੀ ਏਅਰਟੈਲ ਕੰਪਨੀ ਵਿੱਚ ਕੰਮ ਕਰਦੇ ਰਹੇ ਹਨ ਅਤੇ ਅੰਦਰੂਨੀ ਜਾਣਕਾਰੀ ਦੇ ਆਧਾਰ 'ਤੇ ਇਨਾਂ ਵਲੋਂ ਕਰੀਬ 70 ਟਾਵਰਾਂ 'ਤੇ ਚੋਰੀਆਂ ਕੀਤੀਆਂ ਗਈਆਂ | ਪੁਲਿਸ ਮੁਤਾਬਕ ਚੋਰੀ ਕੀਤੇ ਗਏ ਕਾਰਡ ਦੀ ਕੀਮਤ 14 ਲੱਖ ਰੁਪਏ ਕੀਮਤ ਬਣਦੀ ਹੈ, ਜਦਕਿ ਦੋਸ਼ੀ ਇਹ ਕਾਰਡ ਉੱਤਰ ਪ੍ਰਦੇਸ਼ ਦੇ ਇੱਕ ਕਬਾੜੀਏ ਨੂੰ ਕੇਵਲ ਕਰੀਬ 20 ਹਜ਼ਾਰ ਰੁਪਏ ਵਿੱਚ ਵੇਚ ਦਿੰਦੇ ਸਨ | ਡੀ. ਐਸ. ਪੀ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਪੁਲਿਸ ਵਲੋਂ ਗਰੋਹ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ |