ਖੰਨਾ ਦੀ ਮੰਜਾ ਮਾਰਕੀਟ 'ਚ ਕੱਪੜਿਆਂ ਦੀ ਦੁਕਾਨ 'ਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ ਫਾਇਰ ਬਿ੍ਗੇਡ ਨੇ ਸਮੇਂ ਸਿਰ ਪਹੁੰਚ ਕੇ ਵੱਡੇ ਹਾਦਸੇ ਤੋਂ ਬਚਾਇਆ
ਅਜੀਤ ਡੈਸਕ
19-04-2026
ਮਿਲੀ ਜਾਣਕਾਰੀ ਮੁਤਾਬਿਕ ਦੁਕਾਨ ਮਾਲਕ ਸੋਨੰੂ ਜੌਹਰ ਸ਼ਾਮ ਕਰੀਬ ਸਾਢੇ ਸੱਤ ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ | ਇਸ ਤੋਂ ਬਾਅਦ ਰਾਤ ਕਰੀਬ 9 ਵਜੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ | ਜਦੋਂ ਉਹ ਮੌਕੇ 'ਤੇ ਪਹੁੰਚੇ ਅਤੇ ਸ਼ਟਰ ਖੋਲਿ੍ਹਆ ਗਿਆ ਤਾਂ ਅੱਗ ਕਾਫੀ ਭਿਆਨਕ ਰੂਪ ਧਾਰ ਚੁੱਕੀ ਸੀ |
ਅੱਗ ਕਾਰਨ ਦੁਕਾਨ ਅੰਦਰ ਪਿਆ ਵੱਡੀ ਮਾਤਰਾ ਵਿੱਚ ਕੱਪੜਾ ਸੜ ਕੇ ਸਵਾਹ ਹੋ ਗਿਆ | ਦੁਕਾਨ ਮਾਲਕ ਦੇ ਅਨੁਸਾਰ ਇਸ ਹਾਦਸੇ ਵਿੱਚ ਉਨ੍ਹਾਂ ਨੂੰ ਕਰੀਬ 12 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਕੁੱਝ ਹੀ ਸਮੇਂ ਵਿੱਚ ਅੱਗ 'ਤੇ ਕਾਬੂ ਪਾ ਲਿਆ ਗਿਆ | ਫਾਇਰ ਕਰਮਚਾਰੀਆਂ ਮੁਤਾਬਿਕ ਜੇ ਥੋੜ੍ਹੀ ਵੀ ਦੇਰੀ ਹੋ ਜਾਂਦੀ ਤਾਂ ਅੱਗ ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦੀ ਸੀ | ਇਸ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੀ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਕਿਹਾ ਕਿ ਇਸ ਅੱਗ ਕਾਰਨ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਪ੍ਰਸ਼ਾਸਨ ਵੱਲੋਂ ਸੰਭਵ ਮਦਦ ਕੀਤੀ ਜਾਵੇ | ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਸ਼ੁਰੂਆਤੀ ਤੌਰ 'ਤੇ ਇਸਨੂੰ ਸ਼ਾਰਟ ਸਰਕਟ ਦਾ ਮਾਮਲਾ ਮੰਨਿਆ ਜਾ ਰਿਹਾ ਹੈ |