ਹੰਬੜਾਂ, 19 ਅਪ੍ਰੈਲ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ 'ਚ ਅਕਾਲੀ ਦਲ ਦੇ ਹੱਕ 'ਚ ਲੋਕ ਲਹਿਰ ਬਣ ਚੁੱਕੀ ਹੈ ਤੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੇ ਹੱਕ 'ਚ ਫਤਵਾ ਦੇਣ ਲਈ ਤਿਆਰੀ ਖਿੱਚ ਚੁੱਕੇ ਹਨ, ਜਿਸ ਦੀ ਮਿਸਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਪੱਧਰੀ ਰੈਲੀਆਂ 'ਚ ਹੋ ਰਹੇ ਭਾਰੀ ਇਕੱਠਾਂ ਤੋਂ ਮਿਲਦੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਸਮੇਂ ਹੀ ਵਿਕਾਸ ਹੋਇਆ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨੇ ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੇ ਹੱਕ 'ਚ ਪੰਚ ਗੁਰਚਰਨ ਸਿੰਘ ਬਾਠ ਦੇ ਦਫ਼ਤਰ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਸਮੇਂ ਕੀਤਾ | ਪ੍ਰਧਾਨ ਡੱਲਾ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਵਲੋਂ ਪਹਿਲਾਂ ਹੜ੍ਹ ਪੀੜਤਾਂ ਦੀ ਮੱਦਦ ਕਰਦਿਆਂ ਪੰਜਾਬ ਦੇ ਲੋਕਾਂ ਦਾ ਦਿੱਲ ਜਿੱਤਿਆ ਹੈ ਅਤੇ ਕਿਹਾ ਕਿ ਅੱਜ ਸੂਬੇ ਦੀ 'ਆਪ' ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ ਤੇ ਜੋ ਵਾਅਦੇ ਲੋਕਾਂ ਨਾਲ 'ਆਪ' ਸਰਕਾਰ ਨੇ ਕੀਤੇ ਸਨ ਉਨ੍ਹਾਂ ਨੂੰ ਅੰਤ ਸਮੇਂ 'ਚ ਪੂਰੇ ਕੀਤੇ ਜਾਣ ਦੇ ਲੋਕਾਂ ਨੂੰ ਝੂਠੇ ਸਬਗਬਾਜ਼ ਦਿਖਾਏ ਜਾ ਰਹੇ ਹਨ | ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਅਤੇ ਹੰਬੜਾਂ ਸਰਕਲ ਪ੍ਰਧਾਨ ਹਰਸ਼ਵੀਰ ਸਿੰਘ ਝੱਮਟ, ਜਥੇ. ਕਰਮਜੀਤ ਸਿੰਘ ਮਲਕਪੁਰ ਨੇ ਕਿਹਾ ਕਿ ਪਿੰਡ ਪੱਧਰ 'ਤੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ ਤੇ ਪਾਰਟੀ ਪਿੰਡ ਪੱਧਰ ਹੋਰ ਮਜ਼ਬੂਤ ਹੋਈ ਹੈ ਤੇ 2027 'ਚ ਲੋਕ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ | ਇਸ ਮੌਕੇ ਐੱਮ.ਡੀ ਗੁਰਚਰਨ ਸਿੰਘ ਬਾਠ, ਸੰਮਤੀ ਮੈਂਬਰ ਕਾਰਜ ਸਿੰਘ ਬਾਠ, ਸਰਕਲ ਪ੍ਰਧਾਨ ਕਰਮਜੀਤ ਸਿੰਘ ਮਲਕਪੁਰ, ਮਨਜੀਤ ਸਿੰਘ ਭੈਰੋਮੁੰਨਾਂ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਅਵਤਾਰ ਸਿੰਘ ਤਾਰੀ ਚੀਮਾ ਵਲੋਂ ਜ਼ਿਲ੍ਹਾ ਪ੍ਰਧਾਨ ਡੱਲਾ ਅਤੇ ਹਲਕਾ ਇੰਚਾਰਜ ਸਿੰਮਕ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੇਜਰ ਸਿੰਘ ਚੀਮਾ, ਆੜ੍ਹਤੀ ਜਗਤਾਰ ਸਿੰਘ, ਕਮਲਦੀਪ ਸਿੰਘ ਬਾਦਲ, ਮੀਤ ਪ੍ਰਧਾਨ ਭੁਪਿੰਦਰ ਸਿੰਘ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਜਗਜੀਤ ਸਿੰਘ ਡੱਲਾ, ਜਸਵੀਰ ਸਿੰਘ ਰਾਣਾ, ਕਪੂਰ ਸਿੰਘ ਘੁੰਮਣ, ਕੁਲਵੰਤ ਸਿੰਘ ਬਾਠ, ਜਗਵਿੰਦਰ ਸਿੰਘ ਗਿੱਲ, ਫੌਜੀ ਬਲਦੇਵ ਸਿੰਘ ਹਾਜ਼ਰ ਸਨ |