ਮਾਛੀਵਾੜਾ ਸਾਹਿਬ, 21 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਪੰਸਾਰੀ ਚੌਂਕ ਵਿਚ ਸਥਿਤ ਗੋਲਡੀ ਗਿਫ਼ਟ ਹਾਊਸ ਦੀ ਦੁਕਾਨ 'ਤੇ ਅੱਜ ਤੜਕਸਾਰ ਚੋਰ ਨੇ ਲੱਖਾਂ ਰੁਪਏ ਦੀ ਚੋਰੀ ਕਰ ਲਈ ਜਿਸ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਗਈ | ਇਸ ਮੌਕੇ ਦੁਕਾਨ ਮਾਲਕ ਲੱਕੀ ਮੱਕੜ ਤੇ ਗੋਲਡੀ ਮੱਕੜ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੇਰ ਸ਼ਾਮ ਆਪਣੀ ਦੁਕਾਨ ਨੂੰ ਤਾਲ੍ਹੇ ਲਗਾ ਕੇ ਘਰ ਚਲੇ ਗਏ | ਅੱਜ ਸਵੇਰੇ ਆ ਕੇ ਉਨ੍ਹਾਂ ਦੇਖਿਆ ਕਿ ਇੱਕ ਚੋਰ ਨਾਲ ਵਾਲੀ ਦੁਕਾਨ ਦੀ ਪੌੜੀ ਤੋਂ ਚੜ ਕੇ ਛੱਤ 'ਤੇ ਆਇਆ, ਜਿੱਥੋਂ ਉਸਨੇ ਛੋਟਾ ਜਿਹਾ ਰੌਸ਼ਨਦਾਨ ਭੰਨ ਕੇ ਦੁਕਾਨ ਅੰਦਰ ਦਾਖਲ ਹੋ ਗਿਆ | ਚੋਰ ਦੁਕਾਨ ਅੰਦਰੋਂ ਗੱਲ੍ਹੇ ਵਿਚ ਪਈ ਲੱਖਾਂ ਰੁਪਏ ਨਕਦੀ, ਇੱਥੋਂ ਤੱਕ ਜੋ ਵਿਆਹ, ਸ਼ਾਦੀਆਂ ਲਈ ਨੋਟਾਂ ਵਾਲੇ ਹਾਰ ਆਉਂਦੇ ਹਨ ਉਹ ਵੀ ਚੋਰੀ ਕਰਕੇ ਲੈ ਗਿਆ | ਦੁਕਾਨਦਾਰਾਂ ਨੇ ਦੱਸਿਆ ਕਿ ਉਸਦਾ 5 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ | ਚੋਰ ਜਾਂਦੇ ਹੋਏ ਕੁਝ ਕੈਮਰੇ ਵੀ ਭੰਨ ਗਿਆ ਪਰ ਫਿਰ ਵੀ ਚੋਰੀ ਦੀ ਘਟਨਾ ਤੇ ਬਾਜ਼ਾਰ ਵਿਚ ਲੰਘਣ ਦੀ ਵੀਡੀਓ ਕੈਮਰੇ ਵਿਚ ਕੈਦ ਹੋ ਗਈ | ਦੁਕਾਨ ਮਾਲਕ ਲੱਕੀ ਮੱਕੜ ਨੇ ਦੱਸਿਆ ਕਿ ਇਹ ਘਟਨਾ ਸਵੇਰੇ 4 ਵਜੇ ਤੋਂ ਬਾਅਦ ਦੀ ਹੈ ਅਤੇ ਉਹ ਕਰੀਬ 2 ਘੰਟੇ ਦੁਕਾਨ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਾ ਰਿਹਾ ਅਤੇ ਫਿਰ ਬੇਫ਼ਿਕਰ ਹੋ ਕੇ ਫ਼ਰਾਰ ਹੋ ਗਿਆ | ਦੁਕਾਨਦਾਰ ਲੱਕੀ ਮੱਕੜ ਨੇ ਕਿਹਾ ਕਿ ਅੱਜ ਘਣੀ ਆਬਾਦੀ ਵਿਚ ਇਹ ਚੋਰੀ ਦੀ ਘਟਨਾ ਵਾਪਰਨ ਕਾਰਨ ਸ਼ਹਿਰ ਦੇ ਦੁਕਾਨਦਾਰ ਆਪਣੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਪੁਲਸ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ | ਚੋਰੀ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਵਲੋਂ ਵੀ ਮੌਕੇ ਦਾ ਜਾਇਜ਼ਾ ਲਿਆ ਗਿਆ |