ਖੰਨਾ, 24 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੰਜਾਬ ਵਿਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਦਰਮਿਆਨ ਖੰਨਾ ਪੁਲਿਸ ਵਲੋਂ ਮਨੁੱਖਤਾ ਦੀ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਗਈ ਹੈ, ਜਿਸ ਨੇ ਨਾ ਸਿਰਫ਼ ਲੋਕਾਂ ਦੇ ਦਿਲ ਜਿੱਤੇ ਹਨ, ਸਗੋਂ ਪੁਲਿਸ ਦੀ ਸ਼ਖ਼ਸੀਅਤ ਨੂੰ ਵੀ ਇੱਕ ਨਵੇਂ ਪੱਖ ਨਾਲ ਰੌਸ਼ਨ ਕੀਤਾ ਹੈ | ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਵਲੋਂ ਕੀਤੀ ਗਈ ਇਹ ਅਨੋਖੀ ਪਹਿਲ ਅੱਜ ਸੂਬੇ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ | ਦਰਅਸਲ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇੱਕ ਨੌਜਵਾਨ ਲੜਕੀ ਨਸ਼ੇ ਦੀ ਹਾਲਤ ਵਿਚ ਨਜ਼ਰ ਆ ਰਹੀ ਸੀ | ਦੱਸਿਆ ਜਾ ਰਿਹਾ ਸੀ ਕਿ ਇਹ ਲੜਕੀ ਖੰਨਾ ਇਲਾਕੇ ਨਾਲ ਸੰਬੰਧਿਤ ਹੈ ਅਤੇ ਨਸ਼ੇ ਦੀ ਲਤ ਵਿਚ ਫਸ ਚੁੱਕੀ ਹੈ | ਜਿਵੇਂ ਹੀ ਇਹ ਵੀਡੀਓ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੇ ਧਿਆਨ ਵਿਚ ਆਈ, ਉਨ੍ਹਾਂ ਨੇ ਇਸ ਨੰੂ ਸਿਰਫ਼ ਇੱਕ ਕੇਸ ਨਹੀਂ, ਸਗੋਂ ਇੱਕ ਸਮਾਜਿਕ ਜ਼ਿੰਮੇਵਾਰੀ ਵਜੋਂ ਲਿਆ | ਐੱਸ. ਐੱਸ. ਪੀ. ਖੰਨਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਬਰਾਂਚ, ਸਿਟੀ ਥਾਣਾ-1, ਸਿਟੀ ਥਾਣਾ-2 ਅਤੇ ਸਦਰ ਥਾਣਾ ਦੀਆਂ ਵੱਖ-ਵੱਖ ਟੀਮਾਂ ਤਿਆਰ ਕਰ ਕੇ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਲੱਭਣ ਦਾ ਮਿਸ਼ਨ ਸ਼ੁਰੂ ਕਰ ਦਿੱਤਾ | ਪੁਲਿਸ ਦੀ ਮਿਹਨਤ ਰੰਗ ਲਿਆਈ ਅਤੇ ਆਖ਼ਰਕਾਰ ਇਹ ਪਰਿਵਾਰ ਖੰਨਾ ਦੇ ਕਰਤਾਰ ਨਗਰ ਵਿਚ ਲੱਭ ਲਿਆ ਗਿਆ | ਪਰਿਵਾਰ ਨੂੰ ਟਰੇਸ ਕਰਨ 'ਚ ਸਪੈਸ਼ਲ ਬਰਾਂਚ ਦੇ ਇੰਚਾਰਜ ਜਰਨੈਲ ਸਿੰਘ ਤੇ ਉਨ੍ਹਾਂ ਦੀ ਟੀਮ ਦਾ ਖ਼ਾਸ ਯੋਗਦਾਨ ਰਿਹਾ | ਜਦੋਂ ਐੱਸ. ਐੱਸ. ਪੀ. ਨੂੰ ਇਸ ਗੱਲ ਦਾ ਪਤਾ ਲੱਗਾ ਕਿ ਪਰਿਵਾਰ ਬਹੁਤ ਹੀ ਗਰੀਬ ਹਾਲਾਤਾਂ ਵਿਚ ਜੀਵਨ ਬਿਤਾ ਰਿਹਾ ਹੈ | ਘਰ ਵਿਚ ਰਾਸ਼ਨ ਤੱਕ ਨਹੀਂ ਹੈ, ਰਸੋਈ ਲਈ ਗੈਸ ਸਿਲੰਡਰ ਨਹੀਂ ਹੈ ਅਤੇ ਚਾਹ ਬਣਾਉਣ ਲਈ ਦੁੱਧ ਵੀ ਨਹੀਂ ਹੈ | ਇਸ ਤਰ੍ਹਾਂ ਦੀ ਮੰਦਹਾਲੀ ਦਾ ਕਾਰਨ ਬੱਚਿਆਂ ਦਾ ਨਸ਼ਿਆਂ ਵੱਲ ਜਾਣਾ ਹੈ | ਇਸ ਮੰਜ਼ਰ ਨੂੰ ਸੁਣ ਕੇ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਤੁਰੰਤ ਮਨੁੱਖਤਾ ਦਾ ਫ਼ਰਜ਼ ਨਿਭਾਉਂਦੇ ਹੋਏ ਮਦਦ ਦਾ ਹੱਥ ਵਧਾਇਆ | ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਖ਼ੁਦ ਪਰਿਵਾਰ ਨੂੰ ਮਿਲਣ ਪੁੱਜੇ | ਉਨ੍ਹਾਂ ਨੇ ਖੱਤਰੀ ਚੇਤਨਾ ਮੰਚ ਅਤੇ ਜਜ਼ਬਾ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਜੋੜ ਕੇ ਪਰਿਵਾਰ ਨੂੰ ਇੱਕ ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ ਅਤੇ ਅਗਲੇ ਸਮੇਂ ਲਈ ਹਰ ਮਹੀਨੇ ਰਾਸ਼ਨ ਦੇਣ ਦਾ ਭਰੋਸਾ ਵੀ ਦਿੱਤਾ | ਇਸ ਦੇ ਨਾਲ ਹੀ ਪਰਿਵਾਰ ਦੇ ਦਿਵਿਆਂਗ ਲੜਕੇ ਲਈ ਵਹੀਲਚੇਅਰ ਦਿੱਤੀ ਗਈ ਜੋ ਇਸ ਪਰਿਵਾਰ ਲਈ ਵੱਡੀ ਰਾਹਤ ਬਣੀ | ਨਸ਼ੇ ਦੀ ਲੱਤ ਵਿਚ ਫਸੀ ਲੜਕੀ ਨੂੰ ਤੁਰੰਤ ਪਟਿਆਲਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾ ਕੇ ਉਸ ਦਾ ਮੁਫ਼ਤ ਇਲਾਜ ਸ਼ੁਰੂ ਕਰਵਾਇਆ ਗਿਆ | ਐੱਸ. ਐੱਸ. ਪੀ. ਨੇ ਪਰਿਵਾਰ ਨੂੰ ਇਹ ਵੀ ਭਰੋਸਾ ਦਵਾਇਆ ਕਿ ਪੁਲਿਸ ਅਤੇ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਨਸ਼ਾ ਛੱਡਣ ਵਿੱਚ ਪੂਰੀ ਮਦਦ ਕੀਤੀ ਜਾਵੇਗੀ | ਇੱਥੇ ਹੀ ਇਹ ਪਹਿਲ ਖ਼ਤਮ ਨਹੀਂ ਹੋਈ | ਜਦੋਂ ਐੱਸ. ਐੱਸ. ਪੀ. ਨੂੰ ਪਤਾ ਲੱਗਿਆ ਕਿ ਪਰਿਵਾਰ ਦੇ ਮੁਖੀ ਅਤੇ ਉਸ ਦੀ ਪਤਨੀ ਕੋਲ ਕੋਈ ਰੋਜ਼ਗਾਰ ਨਹੀਂ ਹੈ ਤਾਂ ਉਨ੍ਹਾਂ ਨੇ ਤੁਰੰਤ ਖੱਤਰੀ ਚੇਤਨਾ ਮੰਚ ਦੇ ਸਹਿਯੋਗ ਨਾਲ ਦੋਹਾਂ ਨੂੰ ਰੁਜ਼ਗਾਰ ਵੀ ਦਿਵਾਇਆ | ਮਹਿਲਾ ਰਾਣੀ ਤੇ ਉਸ ਦੇ ਪਤੀ ਨੂੰ ਇੱਕ ਨਿੱਜੀ ਰੈਸਟੋਰੈਂਟ ਵਿਖੇ ਕੰਮ ਦਿਵਾਇਆ ਗਿਆ | ਇਸ ਕਦਮ ਨਾਲ ਪਰਿਵਾਰ ਨੂੰ ਆਰਥਿਕ ਮਜ਼ਬੂਤੀ ਮਿਲਣ ਦੀ ਉਮੀਦ ਜਾਗੀ | ਐੱਸ. ਐੱਸ. ਪੀ. ਦੀ ਇਸ ਅਨੋਖੀ ਪਹਿਲ ਨਾਲ ਪੂਰੇ ਇਲਾਕੇ ਵਿਚ ਚਰਚਾ ਛਿੜ ਗਈ ਤੇ ਹਰ ਕਿਸੇ ਨੇ ਇਸ ਦੀ ਸ਼ਲਾਘਾ ਕੀਤੀ | ਇਸ ਮੌਕੇ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਸਿਰਫ਼ ਆਲੋਚਨਾ ਕਰਨ ਨਾਲ ਕੁੱਝ ਨਹੀਂ ਬਣੇਗਾ, ਸਗੋਂ ਹਰ ਇੱਕ ਨੂੰ ਸਮਾਜ ਦੇ ਹਿਤ ਵਿਚ ਯੋਗਦਾਨ ਪਾਉਣਾ ਹੋਵੇਗਾ | ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਪਰਿਵਾਰ ਦਾ ਕੋਈ ਮੈਂਬਰ ਨਸ਼ੇ ਦੀ ਲੱਤ ਵਿੱਚ ਫਸਿਆ ਹੈ ਤੇ ਉਹ ਬੇਸਹਾਰਾ ਬਣ ਗਏ ਹਨ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਉਸ ਦਾ ਮੁਫ਼ਤ ਇਲਾਜ ਕਰਵਾਇਆ ਜਾ ਸਕੇ ਅਤੇ ਪਰਿਵਾਰ ਦੇ ਪੁਨਰਵਾਸ ਲਈ ਉਪਰਾਲੇ ਕੀਤੇ ਜਾਣ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਵੀ ਦਿੱਤੀ ਜਾਵੇ ਤਾਂ ਜੋ ਉਸ ਨੰੂ ਜੇਲ੍ਹ ਡੱਕਿਆ ਜਾਵੇ | ਦੂਜੇ ਪਾਸੇ ਪੀੜਤ ਪਰਿਵਾਰ ਦੀ ਮਹਿਲਾ ਰਾਣੀ ਨੇ ਭਾਵੁਕ ਹੋ ਕੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਅਤੇ ਧੀ ਕਾਫ਼ੀ ਸਮੇਂ ਤੋਂ ਨਸ਼ੇ ਦੀ ਦਲਦਲ ਵਿਚ ਫਸੇ ਹੋਏ ਸਨ ਅਤੇ ਘਰ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ | ਸਾਡੇ ਕੋਲ ਰਾਸ਼ਨ ਲਈ ਵੀ ਪੈਸੇ ਨਹੀਂ ਬਚਦੇ ਸਨ | ਬੱਚੇ ਸਭ ਕੁੱਝ ਲੈ ਜਾਂਦੇ ਸਨ | ਪਰ ਅੱਜ ਜਦੋਂ ਐੱਸ. ਐੱਸ. ਪੀ. ਖ਼ੁਦ ਸਾਡੇ ਘਰ ਆਏ ਤੇ ਸਾਡੀ ਮਦਦ ਕੀਤੀ ਤਾਂ ਸਾਨੂੰ ਨਵੀਂ ਉਮੀਦ ਮਿਲੀ ਹੈ | ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਬਹੁਤ ਚੰਗੇ ਕੰਮ ਕਰ ਰਹੇ ਹਨ | ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ | ਇਸ ਮੌਕੇ ਡੀ. ਐੱਸ. ਪੀ. ਸਪੈਸ਼ਲ ਬਰਾਂਚ ਤਰਲੋਚਨ ਸਿੰਘ, ਡੀ. ਐੱਸ. ਪੀ. ਖੰਨਾ ਸਬ ਡਿਵੀਜ਼ਨ ਵਿਨੋਦ ਕੁਮਾਰ, ਸਪੈਸ਼ਲ ਬਰਾਂਚ ਇੰਚਾਰਜ ਜਰਨੈਲ ਸਿੰਘ, ਸਿਟੀ ਥਾਣਾ-2 ਦੇ ਮੁਖੀ ਅਜੀਤੇਜ ਕੌਸ਼ਲ ਵੀ ਮੌਜੂਦ ਸਨ | ਖੰਨਾ ਪੁਲਿਸ ਦੀ ਇਹ ਪਹਿਲ ਸਿਰਫ਼ ਇੱਕ ਪਰਿਵਾਰ ਦੀ ਮਦਦ ਨਹੀਂ, ਸਗੋਂ ਸਮਾਜ ਨੂੰ ਇੱਕ ਸੰਦੇਸ਼ ਹੈ ਕਿ ਜੇਕਰ ਪ੍ਰਸ਼ਾਸਨ ਅਤੇ ਸਮਾਜ ਮਿਲ ਕੇ ਕੰਮ ਕਰਨ ਤਾਂ ਨਸ਼ਿਆਂ ਵਰਗੀ ਬਿਮਾਰੀ ਨੂੰ ਜੜੋਂ੍ਹ ਖ਼ਤਮ ਕੀਤਾ ਜਾ ਸਕਦਾ ਹੈ |