ਬੀਜਾ, 24 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿਖੇ ਧਰਤੀ ਦਿਵਸ ਬੜੀ ਉਤਸ਼ਾਹ, ਜੋਸ਼ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਪ੍ਰਕਿਰਤੀ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਸੀ | ਸਮਾਗਮ ਦੀ ਸ਼ੁਰੂਆਤ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਤਨਵੀਰ ਕੌਰ ਵਲੋਂ ਕੀਤੀ ਗਈ, ਜਿਸ ਨੇ ਧਰਤੀ ਦਿਵਸ ਦੇ ਇਤਿਹਾਸਕ ਪਿਛੋਕੜ, ਇਸ ਦੀ ਸ਼ੁਰੂਆਤ (1970 ਵਿਚ) ਅਤੇ ਇਸ ਦੀ ਵਿਸ਼ਵ ਪੱਧਰੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਭਰਪੂਰ ਸਪੀਚ ਪੇਸ਼ ਕੀਤੀ | ਉਸ ਨੇ ਵਾਤਾਵਰਨ ਪ੍ਰਦੂਸ਼ਣ, ਗਲੋਬਲ ਵਾਰਮਿੰਗ, ਜੰਗਲਾਂ ਦੀ ਕਟਾਈ ਅਤੇ ਪਾਣੀ ਦੀ ਬਰਬਾਦੀ ਵਰਗੀਆਂ ਸਮੱਸਿਆਵਾਂ ਬਾਰੇ ਵੀ ਜਾਗਰੂਕ ਕੀਤਾ ਅਤੇ ਸਾਰਿਆਂ ਨੂੰ ਪ੍ਰਕਿਰਤੀ ਦੀ ਰੱਖਿਆ ਲਈ ਅੱਗੇ ਆਉਣ ਦੀ ਅਪੀਲ ਕੀਤੀ | ਇਸ ਮੌਕੇ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਨੰਨੇ ਮੁੰਨੇ ਵਿਦਿਆਰਥੀਆਂ ਲਈ ਕਲਾਸ ਵਾਈਜ਼ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਰੰਗ ਭਰੋ, ਪੌਦੇ ਬਣਾਉਣ ਅਤੇ ਛੋਟੀਆਂ-ਛੋਟੀਆਂ ਪ੍ਰਸਤੁਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਪ੍ਰਕਿਰਤੀ ਨਾਲ ਪਿਆਰ ਕਰਨਾ ਸਿਖਾਇਆ ਗਿਆ | ਇਸ ਤੋਂ ਇਲਾਵਾ ਦੂਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿਚ ਗਰੁੱਪ ਵਾਈਜ਼ ਡਰਾਇੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਵਾਤਾਵਰਨ ਅਤੇ ਪ੍ਰਦੂਸ਼ਣ ਵਿਸ਼ੇ 'ਤੇ ਸੁੰਦਰ ਅਤੇ ਸੰਦੇਸ਼ਮਈ ਚਿੱਤਰ ਪੇਸ਼ ਕੀਤੇ | ਪਿ੍ੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਧਰਤੀ ਸਾਡਾ ਸਾਂਝਾ ਘਰ ਹੈ ਅਤੇ ਇਸ ਦੀ ਸੰਭਾਲ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਘੱਟੋ-ਘੱਟ ਇੱਕ ਰੁੱਖ ਲਗਾਉਣ ਅਤੇ ਉਸ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਵਲੋਂ ਵਾਤਾਵਰਨ ਦੀ ਰੱਖਿਆ ਲਈ ਯੋਗਦਾਨ ਪਾਉਂਦਿਆਂ ਪਿਛਲੇ ਸਾਲ ਤੋਂ ਸਕੂਲ ਵਿਚ ਸੋਲਰ ਐਨਰਜੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਇੱਕ ਪ੍ਰੇਰਣਾਦਾਇਕ ਕਦਮ ਹੈ | ਅੰਤ ਵਿਚ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਇਸ ਸਫਲ ਸਮਾਗਮ ਲਈ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ | ਵਿਅਕਤੀਆਂ ਵਲੋਂ ਇਹ ਸੰਕਲਪ ਲਿਆ ਗਿਆ ਕਿ ਉਹ ਵਾਤਾਵਰਨ ਦੀ ਰੱਖਿਆ ਲਈ ਆਪਣਾ ਯੋਗਦਾਨ ਪਾਉਣਗੇ ਅਤੇ ਧਰਤੀ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਵਿਚ ਆਪਣੀ ਭੂਮਿਕਾ ਨਿਭਾਉਣਗੇ |