ਖੰਨਾ, 25 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਵੱਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ | ਇਸ ਦੌਰਾਨ ਐਸ. ਪੀ. ਹਰਪਿੰਦਰ ਕੌਰ ਗਿੱਲ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ | ਇਸ ਜਾਂਚ ਅਭਿਆਨ ਦੇ ਵਿੱਚ ਡੀ. ਐਸ. ਪੀ. ਵਿਨੋਦ ਕੁਮਾਰ, ਥਾਣਾ ਸਿਟੀ 2 ਦੇ ਐਸ. ਐਚ. ਓ ਅਤੇ ਟਰੈਫ਼ਿਕ ਇੰਚਾਰਜ ਵੀ ਮੌਜੂਦ ਰਹੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਪੀ. ਗਿੱਲ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੀ ਟੀਮ ਵੱਲੋਂ ਸਪੈਸ਼ਲ ਨਾਕਾਬੰਦੀ ਕਰ ਸ਼ਰਾਬ ਪੀ ਕੇ ਜਾ ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਨਸ਼ੇ ਦੇ ਵਿੱਚ ਕੋਈ ਵੀ ਵਾਹਨ ਚਲਾਉਂਦਾ ਜੇਕਰ ਪਕੜਿਆ ਜਾਂਦਾ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਜੇਕਰ ਉਹ ਵਿਅਕਤੀ ਮੁੜ ਕਾਨੂੰਨ ਤੋੜਦਾ ਹੈ ਤਾਂ ਉਸ ਖ਼ਿਲਾਫ਼ ਹੋਰ ਵੀ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਪੁਲਿਸ ਮੁਲਾਜ਼ਮਾਂ ਕੋਲ ਐਲਕੋਹ ਮੀਟਰ ਦੇ ਨਾਲ ਨਾਲ ਬਾਕੀ ਉਪਕਰਨ ਵੀ ਮੌਜੂਦ ਹਨ | ਜਿਨ੍ਹਾਂ ਨਾਲ ਉਹ ਵਿਸ਼ੇਸ਼ ਚੈਕਿੰਗ ਕਰਦੇ ਹਨ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਣ ਸਮੇਂ ਨਸ਼ੇ ਦਾ ਸੇਵਨ ਨਾ ਕਰੋ ਆਪਣੀ ਜਾਨ ਦੇ ਨਾਲ ਨਾਲ ਦੂਸਰਿਆਂ ਦੀ ਜਾਨ ਦੀ ਵੀ ਹਿਫ਼ਾਜ਼ਤ ਕਰੋ |