ਰਾਏਕੋਟ, 26 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਅਧਾਰਿਤ ਬਣੇ ਸ਼ਾਂਝੇ ਥੜ੍ਹੇ ਪੀ.ਐੱਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ.24), ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ (ਸਬੰਧਿਤ ਏਟਕ) ਪੈਨਸ਼ਨਰਜ਼ ਵੈੱਲਫੇਅਰ ਫੈੱਡਰੇਸ਼ਨ ਪਹਿਲਵਾਨ ਨਾਲ ਸਬੰਧਿਤ ਸੂਬਾ ਆਗੂਆਂ ਕੁਲਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਰਵੇਲ ਸਿੰਘ ਸਹਾਏਪੁਰ, ਦਵਿੰਦਰ ਸਿੰਘ ਪਿਸ਼ੋਰ, ਰਾਧੇਸ਼ਿਆਮ, ਕੌਰ ਸਿੰਘ ਸੋਹੀ, ਬਲਜੀਤ ਸਿੰਘ ਮੋਦਲਾ, ਜਸਵੀਰ ਸਿੰਘ ਆਂਡਲੂ, ਰਣਜੀਤ ਸਿੰਘ ਢਿੱਲੋਂ, ਬਾਬਾ ਅਮਰਜੀਤ ਸਿੰਘ, ਦਲੀਪ ਕੁਮਾਰ, ਪਵਨਪ੍ਰੀਤ ਸਿੰਘ, ਗੁਰਪਿਆਰ ਸਿੰਘ ਆਦਿ ਨੇ ਮੁੱਖ ਮੰਤਰੀ ਪੰਜਾਬ, ਬਿਜਲੀ ਮੰਤਰੀ ਅਤੇ ਅਦਾਰੇ ਦੇ ਸੀ.ਐੱਮ.ਡੀ ਕੋਲੋਂ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਤਾਪਮਾਨ ਦੇ ਵੱਧ ਜਾਣ ਕਰਕੇ ਬਿਜਲੀ ਦੀ ਖ਼ਪਤ ਵਿਚ ਹੋਏ ਬੇਤਹਾਸ਼ਾ ਵਾਧੇ ਕਾਰਨ ਦਿਨ ਅਤੇ ਰਾਤ ਦੇ ਸਮੇਂ ਲੱਗ ਰਹੇ ਵੱਡੇ ਬਿਜਲੀ ਕੱਟਾਂ ਦਾ ਵਿਰੋਧ ਕਰਨ ਲਈ ਗਰਿੱਡਾਂ ਦੇ ਨੇੜਲੇ ਇਲਾਕਿਆਂ ਨਾਲ ਸਬੰਧਿਤ ਖ਼ਪਤਕਾਰਾਂ ਵਲੋਂ ਭੀੜ ਦੇ ਰੂਪ ਵਿਚ ਇਕੱਤਰ ਹੋ ਕੇ ਗਰਿੱਡਾਂ ਵਿਚ ਤਾਇਨਾਤ ਰਾਤ ਦੇ ਸਮੇਂ ਇਕੋ-ਇਕੋ ਕਰਮਚਾਰੀ ਨਾਲ ਦੁਰਵਿਹਾਰ ਕਰਦੇ ਹੋਏ ਮਹਿਕਮੇ ਦੇ ਆਦੇਸ਼ਾਂ 'ਤੇ ਬੰਦ ਕੀਤੀ ਬਿਜਲੀ ਸਪਲਾਈ ਨੂੰ ਜ਼ਬਰਦਸਤੀ ਚਾਲੂ ਕਰਨ ਅਤੇ ਗੁੱਸੇ ਵਿਚ ਭੜਕੀ ਭੀੜ ਦੀ ਅਗਵਾਈ ਕਰਨ ਵਾਲੇ ਕੁਝ ਲੋਕਾਂ ਵਲੋਂ ਕੀਮਤੀ ਸਾਜੋ-ਸਮਾਨ ਦੀ ਕੀਤੀ ਜਾ ਰਹੀ ਭੰਨ ਤੋੜ ਦੀਆਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਉੱਪਰ ਕਾਬੂ ਪਾਉਣ ਅਤੇ ਗਰਿੱਡਾਂ 'ਤੇ ਤਾਇਨਾਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਦੇ ਹੋਏ ਬਿਜਲੀ ਘਰਾਂ ਵਿਚ ਰਾਤ ਦੇ ਸਮੇਂ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿਚ ਕਿਸੇ ਵੀ ਅਣ-ਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਅਤੇ ਕਰਮਚਾਰੀ ਬੇਖੌਫ਼ ਹੋ ਕੇ ਆਪਣੀ ਡਿਊਟੀ ਨਿਭਾ ਸਕਣ | ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕੇ ਬਿਜਲੀ ਘਰਾਂ ਵਿਚ ਡਿਊਟੀ ਕਰਨ ਵਾਲੇ ਕਰਮਚਾਰੀਆਂ ਨਾਲ ਹੈਲਪਰ ਲਗਾਉਣ ਲਈ ਸਟਾਫ ਪੂਰਾ ਕੀਤਾ ਜਾਵੇ ਕਿਉਂਕਿ ਬਿਜਲੀ ਘਰਾਂ ਦੀਆਂ ਮਨਜ਼ੂਰ 7778 ਅਸਾਮੀਆਂ ਵਿਚੋਂ 4630 ਅਸਾਮੀਆਂ ਖਾਲੀ ਹੋਣ ਕਰਕੇ ਸਿਰਫ 3148 ਕਰਮਚਾਰੀ ਡਿਊਟੀ ਨਿਭਾ ਰਹੇ ਹੋਣ ਕਰਕੇ ਕਰਮਚਾਰੀਆਂ ਨੂੰ ਰਾਤ ਸਮੇਂ ਹੈਲਪਰ ਤੋਂ ਬਗੈਰ ਬਹੁਤ ਰਿਸਕ ਭਰੀ ਡਿਊਟੀ ਮੁਸ਼ਕਿਲ ਹਾਲਤਾਂ ਵਿੱਚ ਜਿੱਥੇ ਇਕੱਲਿਆਂ ਨਿਭਾਉਣੀ ਪੈਂਦੀ ਹੈ, ਉੱਥੇ ਬੰਦ ਬਿਜਲੀ ਸਪਲਾਈ ਤੋਂ ਭੜਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਪਰ ਸਰਕਾਰ ਅਤੇ ਅਦਾਰੇ ਦੀ ਮੈਨੇਜਮੈਂਟ ਸਾਰੇ ਮਾਹੌਲ ਤੋਂ ਬੇਖਰ ਕੋਈ ਵੀ ਲੋੜੀਂਦੇ ਕਦਮ ਨਹੀਂ ਉਠਾ ਰਹੀ | ਆਗੂਆਂ ਵਲੋਂ ਮੈਨੇਜਮੈਂਟ ਤੋਂ ਮੰਗ ਕਰਦਿਆਂ ਕਿਹਾ ਕਿਹਾ ਕਿ ਜੇਕਰ ਗਰਿੱਡਾਂ 'ਤੇ ਤਾਇਨਾਤ ਕਿਸੇ ਕਰਮਚਾਰੀ ਨਾਲ ਕੋਈ ਅਣ-ਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ |