ਮਲੌਦ, 13 ਮਈ (ਦਿਲਬਾਗ ਸਿੰਘ ਚਾਪੜਾ)-ਪੁਰਾਤਨ ਅਸਥਾਨ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਦੀ ਦੇਖ ਰੇਖ ਹੇਠ 15 ਤੋਂ 17 ਮਈ ਤੱਕ ਚੱਲਣ ਵਾਲੇ 29ਵੇਂ ਸਾਲਾਨਾ ਵਿਸ਼ਵ ਸ਼ਾਂਤੀ ਦਿਵਸ ਸਮਾਗਮ 15 ਮਈ ਤੋਂ ਸ਼ੁਰੂ ਹੋ ਰਹੇ ਹਨ | ਇਨਾ ਸਮਾਗਮਾਂ ਸੰਬੰਧੀ ਭਾਈ ਗੁਰਦੀਪ ਸਿੰਘ ਤੇ ਭਾਈ ਹਰਬੰਤ ਸਿੰਘ ਨੇ ਦੱਸਿਆ ਕਿ 15 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ 11 ਵਜੇ ਤੋਂ ਸ਼ਾਮ 4 ਵਜੇ ਤੱਕ ਸਰਬ ਧਰਮ ਸੰਮੇਲਨ ਹੋਵੇਗਾ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਸਾਧੂ ਮਹਾਤਮਾ ਆਪੋ ਆਪਣੇ ਧਰਮਾਂ ਦੇ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਵਿਸ਼ਵ ਸ਼ਾਂਤੀ ਲਈ ਵਿਚਾਰ ਰੱਖਣਗੇ ਉਪਰੰਤ ਵਿਸ਼ਵ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਜਾਵੇਗੀ | 16 ਮਈ ਦਿਨ ਸ਼ਨਿੱਚਰਵਾਰ ਨੂੰ ਮੱਸਿਆ ਦੇ ਪਾਵਨ ਦਿਹਾੜੇ ਮੌਕੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮਹਾਨ ਸੰਤ ਸਮਾਗਮ ਹੋਵੇਗਾ, ਜਿਸ ਵਿਚ ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਹਾਜ਼ਰੀ ਭਰਨਗੇ | 17 ਮਈ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੱਚਿਆਂ ਵਲੋਂ ਕਵਿਤਾਵਾਂ ਤੇ ਵਿਸ਼ਵ ਸ਼ਾਂਤੀ ਲਈ ਪ੍ਰਾਥਨਾ ਕੀਤੀ ਜਾਵੇਗੀ ਅਤੇ ਦੁਪਹਿਰ 1 ਵਜੇ ਸ਼ਾਮ 3 ਵਜੇ ਤੱਕ ਨਾਮ ਸਿਮਰਨ ਕੀਰਤਨ ਭਗਤੀ ਸਮਾਗਮ ਹੋਵੇਗਾ, ਜਿਸ ਉਪਰੰਤ ਅਰਦਾਸ ਹੋਵੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ |