21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਥਾਣਿਆਂ 'ਚ ਹੁਣ ਨਹੀਂ ਲੱਗਣਗੇ ਪੁਰਾਣੇ ਵਾਹਨਾਂ ਦੇ ਢੇਰ- ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ

Ad Position 21
No active advertisement
ਅਜੀਤ ਡੈਸਕ 21-05-2026
ਖੰਨਾ, 20 ਮਈ (ਹਰਜਿੰਦਰ ਸਿੰਘ ਲਾਲ)-ਪੁਲਿਸ ਜ਼ਿਲ੍ਹਾ ਖੰਨਾ ਵਲੋਂ ਵਾਹਨਾਂ ਦੀ ਡਿਸਪੋਜ਼ਲ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਲਈ ਇੱਕ ਅਹਿਮ ਮੀਟਿੰਗ ਕੀਤੀ ਗਈ | ਇਹ ਮੀਟਿੰਗ ਸੀਨੀਅਰ ਪੁਲਿਸ ਕਪਤਾਨ (ਐੱਸ. ਐੱਸ. ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਹੋਈ, ਜਿਸ 'ਚ ਜ਼ਿਲ੍ਹੇ ਦੇ ਸਮੂਹ ਐੱਸ. ਪੀਜ਼, ਸਬ ਡਵੀਜ਼ਨ ਡੀ. ਐੱਸ. ਪੀਜ਼, ਵਹੀਕਲ ਡਿਸਪੋਜ਼ਲ ਕਮੇਟੀ ਦੇ ਮੈਂਬਰਾਂ, ਮੁੱਖ ਅਫ਼ਸਰਾਂ ਅਤੇ ਮੁੱਖ ਮੁਨਸ਼ੀਆਂ ਨੇ ਭਾਗ ਲਿਆ | ਮੀਟਿੰਗ ਦੌਰਾਨ ਲੰਬੇ ਸਮੇਂ ਤੋਂ ਥਾਣਿਆਂ ਅਤੇ ਪੁਲਿਸ ਲਾਈਨਾਂ ਵਿੱਚ ਖੜ੍ਹੇ ਵਾਹਨਾਂ ਦੀ ਡਿਸਪੋਜ਼ਲ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਇਸ ਸਬੰਧੀ ਸਰਕਾਰ ਅਤੇ ਪੁਲਿਸ ਹੈੱਡਕੁਆਟਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਐੱਸ. ਐੱਸ. ਪੀ ਡਾ. ਆਹਲੂਵਾਲੀਆ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਈ ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਜਾਂ ਲਾਵਾਰਸ ਹਾਲਤ ਵਿੱਚ ਖੜ੍ਹੇ ਵਾਹਨਾਂ ਦੀ ਸਮੇਂ ਸਿਰ ਡਿਸਪੋਜ਼ਲ ਨਾ ਹੋਣ ਕਾਰਨ ਪੁਲਿਸ ਥਾਣਿਆਂ ਵਿੱਚ ਜਗ੍ਹਾ ਦੀ ਕਮੀ ਪੈਦਾ ਹੋ ਜਾਂਦੀ ਹੈ | ਇਸ ਲਈ ਲੋੜ ਹੈ ਕਿ ਸਾਰੇ ਅਧਿਕਾਰੀ ਨਿਯਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਪੁਰਾਣੇ ਕੇਸਾਂ ਨੂੰ ਤਰਜੀਹ ਦੇਣ ਅਤੇ ਡਿਸਪੋਜ਼ਲ ਪ੍ਰਕਿਰਿਆ ਵਿੱਚ ਕੋਈ ਵੀ ਲਾਪਰਵਾਹੀ ਨਾ ਹੋਣ ਦੇਣ | ਉਨ੍ਹਾਂ ਕਿਹਾ ਕਿ ਹਰ ਇਕ ਕੇਸ ਦੀ ਪੂਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਹੀ ਵਾਹਨਾਂ ਦੀ ਨੀਲਾਮੀ ਜਾਂ ਡਿਸਪੋਜ਼ਲ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਕਿਸਮ ਦੀ ਕਾਨੂੰਨੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਮੀਟਿੰਗ ਦੌਰਾਨ ਉਨ੍ਹਾਂ ਨੇ ਸਾਰੇ ਸਬ ਡਵੀਜ਼ਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਪਣੇ-ਆਪਣੇ ਇਲਾਕਿਆਂ ਦੇ ਥਾਣਿਆਂ ਵਿੱਚ ਖੜ੍ਹੇ ਵਾਹਨਾਂ ਦਾ ਪੂਰਾ ਰਿਕਾਰਡ ਅੱਪਡੇਟ ਰੱਖਿਆ ਜਾਵੇ ਅਤੇ ਡਿਸਪੋਜ਼ਲ ਨਾਲ ਸਬੰਧਿਤ ਦਸਤਾਵੇਜ਼ਾਂ ਵਿੱਚ ਪੂਰੀ ਪਾਰਦਰਸ਼ਤਾ ਬਣਾਈ ਰੱਖੀ ਜਾਵੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਵਾਹਨਾਂ ਦੇ ਕੇਸ ਅਦਾਲਤਾਂ ਵਿੱਚ ਨਹੀਂ ਹਨ, ਉਨ੍ਹਾਂ ਬਾਰੇ ਕਾਰਵਾਈ ਨੂੰ ਤਰਜੀਹ ਦੇ ਕੇ ਜਲਦ ਨਿਪਟਾਰਾ ਕੀਤਾ ਜਾਵੇ | ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਸਾਰੇ ਥਾਣਿਆਂ 'ਚ 544 ਚਾਰ ਪਹੀਆ ਤੇ 884 ਦੋ ਪਹੀਆ ਵਾਹਨਾਂ ਸਮੇਤ ਕੁੱਲ 1428 ਵਾਹਨ ਹਨ | ਹਰੇਕ ਥਾਣੇ ਲਈ ਇੱਕ ਗਜ਼ਟਿਡ ਅਫ਼ਸਰ ਦੀ ਡਿਊਟੀ ਲਾਈ ਗਈ ਹੈ | ਇਸ ਮੁਹਿੰਮ ਦੇ ਪਹਿਲੇ ਦਿਨ 117 ਵਹੀਕਲ ਵਾਰਸਾਂ ਨੂੰ ਸੌਂਪੇ ਗਏ | ਇਸਤੋਂ ਇਲਾਵਾ 79 ਵਹੀਕਲਾਂ ਦੀ ਨੀਲਾਮੀ ਲਈ ਮਾਣਯੋਗ ਅਦਾਲਤ ਤੋਂ ਵੀ ਮਨਜ਼ੂਰੀ ਲੈ ਲਈ ਗਈ ਹੈ | ਐੱਸ. ਐੱਸ. ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਮਕਸਦ ਸਿਰਫ਼ ਕਾਨੂੰਨ-ਵਿਵਸਥਾ ਕਾਇਮ ਰੱਖਣਾ ਹੀ ਨਹੀਂ, ਸਗੋਂ ਪ੍ਰਸ਼ਾਸਕੀ ਕੰਮਾਂ ਵਿੱਚ ਵੀ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣਾ ਵੀ ਹੈ | ਉਨ੍ਹਾਂ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਪੱਧਰ 'ਤੇ ਨਿਯਮਾਂ ਦੀ ਉਲੰਘਣਾ ਜਾਂ ਲਾਪਰਵਾਹੀ ਸਾਹਮਣੇ ਆਈ ਤਾਂ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਐੱਸ. ਪੀ (ਐਚ) ਹਰਪਿੰਦਰ ਕੌਰ ਗਿੱਲ, ਐੱਸ. ਪੀ (ਆਈ) ਪਵਨਜੀਤ ਚੌਧਰੀ, ਡੀ. ਐੱਸ. ਪੀ (ਆਈ) ਮੋਹਿਤ ਸਿੰਗਲਾ, ਡੀ. ਐੱਸ. ਪੀ. (ਐਚ) ਗੱਬਰ ਸਿੰਘ, ਡੀ. ਐੱਸ. ਪੀ (ਟਰੈਫਿਕ) ਕਰਮਵੀਰ ਤੂਰ, ਡੀ. ਐੱਸ. ਪੀ (ਨਾਰਕੋਟਿਕਸ) ਕਰਮਜੀਤ ਸਿੰਘ ਗਰੇਵਾਲ, ਡੀ. ਐੱਸ. ਪੀ (ਸਪੈਸ਼ਲ ਬਰਾਂਚ) ਤਰਲੋਚਨ ਸਿੰਘ, ਡੀ. ਐੱਸ. ਪੀ ਸਮਰਾਲਾ ਪਿ੍ਤਪਾਲ ਸਿੰਘ ਸੰਧੂ ਅਤੇ ਡੀ. ਐੱਸ. ਪੀ ਪਾਇਲ ਹਰਮਨਦੀਪ ਸਿੰਘ ਚੀਮਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੂਬੇ ਅੰਦਰ ਨਿੱਤ ਦਿਨ ਗੁੰਡਾਗਰਦੀ ਤੇ ਕਤਲੋਗਾਰਦ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਸਹਿਮ-ਸਿੰਮਕ ਅਗਲੀ ਖ਼ਬਰ ਰੋੜੀਆਂ ਵਿਖੇ ਡਾ. ਅੰਬੇਡਕਰ ਦੀ ਯਾਦ ਨੂੰ ਸਮਰਪਿਤ ਨਾਟਕ ਮੇਲਾ 23 ਨੂੰ
Ad Position 24