ਮਲੌਦ 20 ਮਈ (ਪੱਤਰ ਪ੍ਰੇਰਕ)-ਮਾਰਕੀਟ ਕਮੇਟੀ ਮਲੌਦ ਅਧੀਨ ਪੈਂਦੀ ਦਾਣਾ ਮੰਡੀ ਮਲੌਦ ਵਿਖੇ ਅਜੇ ਤੱਕ ਲਿਫ਼ਟਿੰਗ ਦਾ ਕੰਮ ਪੂਰਾ ਨਾ ਹੋਣ ਕਾਰਣ ਆੜ੍ਹਤੀ ਅਤੇ ਮਜ਼ਦੂਰ ਪ੍ਰੇਸ਼ਾਨ ਹਨ | ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਮਲੌਦ ਦੇ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ ਨੇ ਦੱਸਿਆ ਕਿ 3 ਮਈ ਤੋਂ ਕਣਕ ਦੀ ਖ਼ਰੀਦ ਬੰਦ ਹੈ ਪ੍ਰੰਤੂ 17 ਦਿਨ ਬਾਅਦ ਵੀ ਅਜੇ ਤੱਕ ਲਿਫ਼ਟਿੰਗ ਦਾ ਕੰਮ ਪੂਰਾ ਨਹੀਂ ਹੋਇਆ ਹੈ | ਉਨ੍ਹਾਂ ਦੱਸਿਆ ਕਿ ਐਫ. ਸੀ. ਆਈ., ਵੇਅਰਹਾਊਸ ਅਤੇ ਮਾਰਕਫੈੱਡ ਵੱਲੋਂ ਹਜ਼ਾਰਾ ਬੋਰੀਆਂ ਖੁੱਲੇ੍ਹ ਅਸਮਾਨ ਹੇਠ ਛੱਡੀਆਂ ਪਈਆਂ ਹਨ ਜਿੰਨ੍ਹਾਂ ਦਾ ਅਤਿ ਦੀ ਗਰਮੀ ਕਾਰਣ ਵਜ਼ਨ ਘੱਟ ਰਿਹਾ ਹੈ ਉੱਥੇ ਆੜ੍ਹਤੀ ਨੂੰ ਰਾਖੀ ਕਰਨੀ ਪੈ ਰਹੀ ਹੈ ਕਿਉਂਕਿ ਅੱਜ ਕੱਲ੍ਹ ਚੋਰੀ ਦੀਆਂ ਵਧੀਆਂ ਵਾਰਦਾਤਾਂ ਕਾਰਣ ਖੁੱਲੇ੍ਹ ਅਸਮਾਨ ਹੇਠ ਪਈ ਕਣਕ ਵੀ ਸੁਰੱਖਿਅਤ ਨਹੀਂ ਹੈ | ਉਨ੍ਹਾਂ ਦੱਸਿਆ ਕਿ ਲੇਬਰ 3 ਮਈ ਤੋਂ ਕੰਮ ਨਿਪਟਾ ਕੇ ਮੰਡੀ ਖਾਲੀ ਹੋਣ ਦੀ ਉਡੀਕ ਵਿੱਚ ਬੈਠੀ ਹੈ ਅਤੇ ਉਨ੍ਹਾਂ ਸੀਜ਼ਨ ਦੌਰਾਨ ਜੋ ਕਮਾਇਆ ਉਹ ਹੁਣ ਉਸੇ ਵਿੱਚ ਖਰਚਾ ਚਲਾ ਰਹੇ ਹਨ ਅਤੇ ਹੱਡ-ਭੰਨਵੀਂ ਮਿਹਨਤ ਕਰਕੇ ਵੀ ਖਾਲੀ ਹੱਥ ਘਰਾਂ ਨੂੰ ਵਾਪਿਸ ਜਾਣਗੇ | ਇਸ ਤੋਂ ਇਲਾਵਾ ਮੰਡੀ ਵਿੱਚ ਲੰਮੀਆਂ ਕਤਾਰਾਂ ਲਗਾਈ ਖੜ੍ਹੇ ਵੱਡੀ ਗਿਣਤੀ ਵਿੱਚ ਟਰੱਕ ਆਪਰੇਟਰਾਂ ਨੇ ਦੱਸਿਆ ਕਿ ਉਹ ਵੀ ਕਈ ਦਿਨਾਂ ਭਰੀਆਂ ਗੱਡੀਆਂ ਖਾਲੀ ਨਾ ਹੋਣ ਕਾਰਣ ਖੱਜਲ ਖੁਆਰ ਹੋ ਰਹੇ ਹਨ ਅਤੇ ਕਣਕ ਨਾਲ ਭਰੀਆਂ ਗੱਡੀਆਂ ਨੂੰ ਲੈ ਕੇ ਕਈ ਦਿਨ ਰਾਤ ਤੋਂ ਗੋਦਾਮਾਂ ਦੇ ਬਾਹਰ ਖੜ੍ਹੇ ਹਨ ਜਦਕਿ ਅੰਦਰ ਮਜ਼ਦੂਰਾਂ ਜਾਂ ਜਗ੍ਹਾਂ ਦੀ ਘਾਟ ਕਾਰਣ ਮਾਲ ਨਹੀਂ ਉੱਤਰ ਰਿਹਾ | ਆੜ੍ਹਤੀਆਂ, ਮਜ਼ਦੂਰਾਂ ਅਤੇ ਟਰੱਕ ਆਪੇ੍ਰਟਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਲਿਫ਼ਟਿੰਗ ਅਤੇ ਅਣਲੋਡਿੰਗ ਦਾ ਕੰਮ ਨੇਪਰੇ ਚਾੜਿਆ ਜਾਵੇ ਤਾਂ ਜੋ ਦਿਨੋ ਦਿਨ ਵੱਧ ਰਹੀ ਮਹਿੰਗਾਈ ਦੇ ਦੌਰ ਵਿੱਚ ਹੋ ਰਹੇ ਆਰਥਿਕ ਨੁਕਸਾਨ ਤੋਂ ਬਚਾਅ ਹੋ ਸਕੇ | ਇਸ ਮੌਕੇ ਟਰੱਕ ਆਪਰੇਟਰ ਅਮਰੀਕ ਸਿੰਘ ਰਿੰਕੂ, ਕੁਲਦੀਪ ਸਿੰਘ ਜੀਰਖ਼, ਭੁਪਿੰਦਰ ਸਿੰਘ, ਬਲਜੀਤ ਸਿੰਘ ਸਿਆੜ੍ਹ, ਵਿੱਕੀ ਸਿਆੜ੍ਹ, ਸੋਮ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ, ਕਰਨਦੀਪ ਸਿੰਘ, ਮਨਜੋਤ ਸਿੰਘ, ਰਵੀ ਗਿੱਲ, ਬਿਰਜੂ, ਰਵਿੰਦਰ ਸਿੰਘ ਚੋਮੋ ਆਦਿ ਹਾਜ਼ਰ ਸਨ |