ਕੁਹਾੜਾ, 24 ਮਈ (ਸੰਦੀਪ ਸਿੰਘ ਕੁਹਾੜਾ)-ਨਨਕਾਣਾ ਸਾਹਿਬ ਪਬਲਿਕ ਸਕੂਲ ਬੁੱਢੇਵਾਲ ਵਿਖੇ ਵਿਦਿਆਰਥੀਆਂ ਵਿਚ ਅਨੁਸ਼ਾਸਨ, ਲੀਡਰਸ਼ਿਪ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਇੰਨਵੈਸਟੀਚਿਊਰ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਕੂਲ ਦੀ ਨਵੀਂ ਬਣਾਈ ਗਈ ਵਿਦਿਆਰਥੀ ਕੌਂਸਲ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਸਕੂਲ ਪ੍ਰਾਰਥਨਾ ਨਾਲ ਹੋਈ | ਇਸ ਤੋਂ ਬਾਅਦ ਨਵੀਂ ਚੁਣੀ ਗਈ ਵਿਦਿਆਰਥੀ ਕੌਂਸਲ ਦਾ ਐਲਾਨ ਕੀਤਾ ਗਿਆ, ਜਿਸ ਅਨੁਸਾਰ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਜਸਨੂਰਦੀਪ ਕੌਰ ਨੂੰ ਸਕੂਲ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ, ਜਦਕਿ ਗੁਰਨੂਰ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ | ਇੰਦਰਪ੍ਰੀਤ ਸਿੰਘ ਨੂੰ ਹੈੱਡ ਬੁਆਏ ਅਤੇ ਸੁਖਮਨਦੀਪ ਕੌਰ ਨੂੰ ਹੈੱਡ ਗਰਲ, ਰੇਸ਼ਮ ਖੜਕਾ ਨੂੰ ਸਪੋਰਟਸ ਕੈਪਟਨ ਅਤੇ ਵਿਕਰਮਜੀਤ ਸਿੰਘ ਨੂੰ ਵਾਈਸ ਸਪੋਰਟਸ ਕੈਪਟਨ ਚੁਣਿਆ ਗਿਆ | ਇਸ ਮੌਕੇ ਬਾਬਾ ਅਜੀਤ ਸਿੰਘ ਹਾਊਸ, ਬਾਬਾ ਜੁਝਾਰ ਸਿੰਘ ਹਾਊਸ, ਬਾਬਾ ਜ਼ੋਰਾਵਰ ਸਿੰਘ ਹਾਊਸ ਅਤੇ ਬਾਬਾ ਫ਼ਤਿਹ ਸਿੰਘ ਜੀ ਹਾਊਸ ਦੇ ਕੈਪਟਨ ਅਤੇ ਵਾਈਸ ਕੈਪਟਨਾਂ ਨੂੰ ਵੀ ਬੈਜ ਅਤੇ ਸੈਸ਼ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਨੇ ਪੂਰੇ ਵਿਸ਼ਵਾਸ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਹੁੰ ਚੁੱਕੀ | ਸਕੂਲ ਦੇ ਪਿ੍ੰਸੀਪਲ ਅਮਰਦੀਪ ਕੌਰ ਗਿੱਲ ਨੇ ਨਵੀਂ ਕੌਂਸਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਹੁਦੇ ਸਨਮਾਨ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੁੰਦੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ |