ਡੇਹਲੋਂ, 24 ਮਈ (ਅੰਮਿ੍ਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ ਲਹਿਰਾ ਖਿਡਾਰਨਾਂ ਵਲੋਂ ਲੁਧਿਆਣਾ ਸਾਹੋਦਿਆ ਕੰਪਲੈਕਸ ਵਿਖੇ ਕਰਵਾਈ ਕਰਾਟੇ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਉਕਤ ਚੈਂਪੀਅਨਸ਼ਿਪ ਕਮਲਵੀਰ ਕੌਰ ਡਾਇਰੈਕਟਰ ਅਤੇ ਰਿਤੂ ਸਕੱਤਰ ਦੀ ਯੋਗ ਅਗਵਾਈ ਕਰਵਾਈ ਗਈ | ਇਸ ਚੈਂਪੀਅਨਸ਼ਿਪ ਵਿਚ ਵਿਕਟੋਰੀਆ ਸਕੂਲ ਦੀਆਂ ਅੰਡਰ-14 ਅਤੇ ਸਾਲ ਅਤੇ ਅੰਡਰ-17 ਸਾਲ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਚੈਂਪੀਅਨਸ਼ਿਪ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ 14 ਪ੍ਰਸਿੱਧ ਸਕੂਲਾਂ ਦੀਆਂ 129 ਖਿਡਾਰਨਾਂ ਨੇ 7 ਵੱਖ-ਵੱਖ ਵਰਗਾਂ ਵਿਚ ਭਾਗ ਲਿਆ | ਸਕੂਲ ਪ੍ਰਬੰਧਕਾਂ ਨੇ ਦੱਸਿਆਂ ਕਿ ਸੰਘਰਸ਼ਪੂਰਨ ਮੁਕਾਬਲਿਆਂ ਦੌਰਾਨ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੀਆਂ ਖਿਡਾਰਨਾਂ ਨੇ ਅੰਡਰ-14 ਸਾਲ ਲੜਕੀਆਂ ਨੇ ਓਵਰ ਆਲ ਜੇਤੂ ਟਰਾਫ਼ੀ ਜਿੱਤ ਕੇ ਸਕੂਲ ਨੂੰ ਮਾਣ ਵਧਾਇਆ ਅਤੇ ਅੰਡਰ-17 ਸਾਲ ਲੜਕੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ |ਚੈਂਪੀਅਨਸ਼ਿਪ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਡਾ. ਐੱਸ. ਪੀ. ਸਿੰਘ ਸੋਫਤ, ਪ੍ਰਧਾਨ ਐਡਵੋਕੇਟ ਸੰਜੇ ਢੰਡ, ਐੱਮ. ਡੀ. ਸਪਨਾ ਢੰਡ ਅਤੇ ਪਿ੍ੰਸੀਪਲ ਬਿਪਨ ਸੇਠੀ ਵਲੋਂ ਕੀਤਾ ਗਿਆ | ਇਸ ਸਮੇਂ ਚੇਅਰਮੈਨ ਡਾ. ਸੋਫਤ ਨੇ ਕਿਹਾ ਕਿ ਕਰਾਟੇ ਵਰਗੀਆਂ ਮਾਰਸ਼ਲ ਆਰਟਸ ਵਿਦਿਆਰਥੀਆਂ ਵਿਚ ਸਵੈ-ਰੱਖਿਆ, ਅਨੁਸ਼ਾਸਨ, ਆਤਮ ਵਿਸ਼ਵਾਸ ਅਤੇ ਮਾਨਸਿਕ ਮਜ਼ਬੂਤੀ ਪੈਦਾ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਸਮੇਂ ਪ੍ਰਧਾਨ ਐਡਵੋਕੇਟ ਸੰਜੇ ਢੰਡ ਅਤੇ ਐੱਮ. ਡੀ. ਸਪਨਾ ਢੰਡ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਖਿਡਾਰੀਆਂ ਦੀ ਸਖ਼ਤ ਮਿਹਨਤ, ਕੋਚਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਉੱਚ ਮੰਚ ਪ੍ਰਦਾਨ ਕਰਦਾ ਰਹੇਗਾ | ਪਿ੍ੰਸੀਪਲ ਬਿਪਨ ਸੇਠੀ ਨੇ ਜੇਤੂ ਖਿਡਾਰੀਆਂ ਅਤੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ, ਮਾਪਿਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 14 ਪ੍ਰਸਿੱਧ ਸਕੂਲਾਂ ਅਤੇ 129 ਖਿਡਾਰਨਾਂ ਵਿਚੋਂ ਓਵਰ ਆਲ ਜੇਤੂ ਬਣਨਾ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਕੋਚ ਹਰਪ੍ਰੀਤ ਕੌਰ, ਹਰਪਾਲ ਕੌਰ, ਅਮਨਦੀਪ ਸਿੰਘ, ਗੁਰਦੀਪ ਸਿੰਘ ਅਤੇ ਕਰਾਟੇ ਕੋਚ ਮਿਸਟਰ ਸੁਖਵੀਰ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਖਿਡਾਰੀਆਂ ਨੂੰ ਸਿਰਫ਼ ਜਿੱਤਣ ਲਈ ਹੀ ਨਹੀਂ ਸਗੋਂ ਖੇਡ ਦੀ ਸੱਚੀ ਭਾਵਨਾ ਨਾਲ ਖੇਡਣ ਲਈ ਵੀ ਪ੍ਰੇਰਿਤ ਕੀਤਾ |