ਕੁਹਾੜਾ, 25 ਮਈ (ਸੰਦੀਪ ਸਿੰਘ ਕੁਹਾੜਾ)-ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਗਲਾਡਾ ਦੇ ਮੁੱਖ ਪ੍ਰਸ਼ਾਸਕ ਓਜਸਵੀ ਅਲੰਕਾਰ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਨੇ ਲੁਧਿਆਣਾ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਅਣਅਧਿਕਾਰਤ ਕਾਲੋਨੀਆਂ ਅਤੇ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ | ਇਸ ਮੁਹਿੰਮ ਤਹਿਤ ਗਲਾਡਾ ਦੀ ਟੀਮ ਵਲੋਂ ਉੱਚੀ ਮੰਗਲੀ ਖੇਤਰ ਸਮੇਤ ਕਈ ਹੋਰ ਇਲਾਕਿਆਂ ਵਿਚ ਸਥਿਤ 5 ਅਣਅਧਿਕਾਰਤ ਕਾਲੋਨੀਆਂ ਨੂੰ ਢਾਹ ਦਿੱਤਾ ਗਿਆ | ਇਸ ਦੇ ਨਾਲ ਹੀ ਸੰਘੂ ਪੈਲੇਸ ਨੇੜੇ ਪਿੰਡ ਭੈਰੋਮੁੰਨਾ, ਜੰਡਿਆਲੀ, ਕੁਹਾੜਾ ਅਤੇ ਲੁਧਿਆਣਾ ਦੇ ਹੋਰ ਇਲਾਕਿਆਂ 'ਚ 12 ਅਣਅਧਿਕਾਰਤ ਇਮਾਰਤਾਂ ਅਤੇ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਗਈ | ਇਸ ਮੌਕੇ ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਵਿਕਾਸ ਹੀਰਾ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਵਾਲੀਆਂ ਕਾਲੋਨੀਆਂ ਵਿਚ ਪਲਾਟ ਜਾਂ ਜਾਇਦਾਦ ਬਿਲਕੁਲ ਨਾ ਖਰੀਦੀ ਜਾਵੇ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾਂ ਗਲਾਡਾ ਦੀ ਅਧਿਕਾਰਤ ਵੈੈੱਬਸਾਈਟ 'ਤੇ ਜਾ ਕੇ ਕਾਲੋਨੀ ਜਾਂ ਪ੍ਰੋਜੈਕਟ ਦੀ ਮਨਜ਼ੂਰੀ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਨਿਵੇਸ਼ ਕੀਤਾ ਜਾਵੇ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗਲਾਡਾ ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆਂ ਅਣਅਧਿਕਾਰਤ ਕਾਲੋਨੀਆਂ ਅਤੇ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖੇਗਾ |