ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਲਾਵਾਰਸ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਦਿੱਤਾ ਗਿਆ ਇਤਿਹਾਸਕ ਫ਼ੈਸਲਾ ਪੰਜਾਬ ਸਰਕਾਰ ਤੁਰੰਤ ਲਾਗੂ ਕਰੇ, ਕਿਉਂਕਿ ਕਿਸਾਨਾਂ ਅਤੇ ਪਿੰਡਾਂ ਤੇ ਸ਼ਹਿਰ ਵਾਸੀਆਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ | ਕਿਸਾਨ ਯੂਨੀਅਨ ਨੇ ਇਸ ਫ਼ੈਸਲੇ ਨੂੰ ਸ਼ਲਾਘਾਯੋਗ ਅਤੇ ਸਮੇਂ ਦੀ ਲੋੜ ਕਰਾਰ ਦਿੱਤਾ ਹੈ | ਲੱਖੋਵਾਲ ਨੇ ਕਿਹਾ ਕਿ ਪਿੰਡਾਂ ਵਿੱਚ ਲਾਵਾਰਸ ਕੁੱਤੇ ਕਿਸਾਨਾਂ ਲਈ ਸਭ ਤੋਂ ਵੱਡੀ ਮੁਸੀਬਤ ਬਣੇ ਹੋਏ ਸਨ | ਕਣਕ, ਸਬਜ਼ੀਆਂ, ਮੁਰਗੀ ਫਾਰਮ, ਬੱਕਰੀ ਪਾਲਣ, ਫਸਲਾਂ ਨੂੰ ਹਰ ਪਾਸੇ ਲਾਵਾਰਸ ਕੁੱਤਿਆਂ ਦੇ ਝੁੰਡ ਤੇ ਬੇਸਹਾਰਾ ਪਸ਼ੂ ਤਬਾਹ ਕਰ ਦਿੰਦੇ ਹਨ ਨਿੱਕੇ ਨਿੱਕੇ ਬੱਚੇ ਸਕੂਲ ਜਾਣ ਤੇ ਬਜ਼ੁਰਗ ਗਲੀਆਂ ਵਿੱਚ ਨਿਕਲਣ ਤੋਂ ਡਰਦੇ ਹਨ | ਉਨ੍ਹਾਂ ਕਿਹਾ ਕਿ 6 ਮਹੀਨੇ ਵਿੱਚ 90 ਫ਼ੀਸਦੀ ਕੁੱਤਿਆਂ ਦੀ ਨਸਬੰਦੀ ਦਾ ਹੁਕਮ ਪਿੰਡਾਂ ਲਈ ਵਰਦਾਨ ਹੈ, ਕੁੱਤਿਆਂ ਦੀ ਆਬਾਦੀ ਕੰਟਰੋਲ ਹੀ ਪੱਕਾ ਹੱਲ ਹੈ |