ਡੇਹਲੋਂ, 29 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵਲੋਂ ਕਰਵਾਏ ਜਾ ਰਹੇ 16ਵੇਂ ਜੇ. ਐੱਸ. ਟੀ. ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੇ 7ਵੇਂ ਦਿਨ ਜਿੱਥੇ ਸੀਨੀਅਰ ਵਰਗ ਵਿਚ ਮੇਜ਼ਬਾਨ ਜਰਖੜ ਹਾਕੀ ਅਕੈਡਮੀ ਅਤੇ ਅਮਰਗੜ੍ਹ ਹਾਕੀ ਸੈਂਟਰ ਨੇ ਆਪੋ ਆਪਣੇ ਮੈਚ ਜਿੱਤ ਕੇ ਸੈਮੀ ਫਾਈਨਲ 'ਚ ਪ੍ਰਵੇਸ਼ ਕੀਤਾ, ਉੱਥੇ ਜੂਨੀਅਰ ਵਰਗ ਵਿਚ ਕਿਲ੍ਹਾ ਰਾਏਪੁਰ ਹਾਕੀ ਸੈਂਟਰ, ਜਰਖੜ ਹਾਕੀ ਅਕੈਡਮੀ, ਚਚਰਾੜੀ ਅਤੇ ਐੱਚ. ਟੀ. ਸੀ. ਰਾਮਪੁਰ ਨੇ ਵੀ ਜਿੱਤਾਂ ਹਾਸਲ ਕਰਦਿਆਂ ਆਖ਼ਰੀ ਚਾਰਾਂ ਵਿਚ ਆਪਣੀ ਜਗ੍ਹਾ ਪੱਕੀ ਕੀਤੀ | ਸੀਨੀਅਰ ਵਰਗ ਜਰਖੜ ਹਾਕੀ ਅਕੈਡਮੀ ਨੇ ਆਪਣੇ ਕੁਆਰਟਰ ਫਾਈਨਲ ਮੈਚ 'ਚ ਸੰਤ ਬਾਬਾ ਗੁਲਾਬ ਸਿੰਘ ਕਲੱਬ ਘੋਲੀਆ ਮੋਗਾ ਨਾਲ 7-7 ਗੋਲਾਂ ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟ ਆਊਟ 'ਚ 3-1 ਨਾਲ ਜਿੱਤ ਹਾਸਿਲ ਕੀਤੀ ਅਤੇ ਦੂਸਰੇ ਮੈਚ 'ਚ ਅਮਰਗੜ੍ਹ ਹਾਕੀ ਸੈਂਟਰ ਨੇ ਜੰਗ ਕਲੱਬ ਉਟਾਲਾਂ ਨੂੰ 7-3 ਨਾਲ ਹਰਾ ਕੇ ਸੈਮੀ ਫਾਈਨਲ 'ਚ ਪਹਿਲੀ ਵਾਰ ਪ੍ਰਵੇਸ਼ ਕੀਤਾ | ਜੂਨੀਅਰ ਵਰਗ 'ਚ ਜਰਖੜ ਅਕੈਡਮੀ ਨੇ ਸੰਗਰੂਰ ਨੂੰ 4-1 ਜਦਕਿ ਐੱਚ. ਟੀ. ਸੀ. ਰਾਮਪੁਰ ਨੇ ਏਕਨੂਰ ਅਕੈਡਮੀ ਤੇਹਿੰਗ ਨੂੰ 6-4 ਨਾਲ ਹਰਾ ਕੇ ਸੈਮੀ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ | ਇਸ ਮੌਕੇ ਬਲਦੇਵ ਸਿੰਘ ਮੁਕੰਦਪੁਰ, ਨਰਿੰਦਰ ਸਿੰਘ ਮੁੰਡੀਆ, ਮਨਜਿੰਦਰ ਸਿੰਘ ਇਆਲੀ, ਅਮਰੀਕ ਸਿੰਘ ਮਿਨਹਾਸ ਏ. ਆਈ. ਜੀ., ਸਰਬਜੀਤ ਸਿੰਘ ਬੱਲ ਕੈਨੇਡਾ ਨੇ ਵੱਖ-ਵੱਖ ਮੈਚਾਂ ਦੌਰਾਨ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ | ਇਸ ਮੌਕੇ ਬਲਦੇਵ ਸਿੰਘ ਮੁਕੰਦਪੁਰ ਨੇ ਖਿਡਾਰੀਆ ਲਈ 1 ਕੁਇੰਟਲ ਦੁੱਧ ਦੀ ਸੇਵਾ ਵੀ ਦਿੱਤੀ | ਇਸ ਮੌਕੇ ਬਾਬਾ ਰੁਲਦਾ ਸਿੰਘ ਸਾਇਆਂ ਕਲਾਂ, ਬਾਬਾ ਗੁਰਬਖ਼ਸ਼ ਸਿੰਘ ਘਵੱਦੀ, ਕਰਨਪ੍ਰੀਤ ਸਿੰਘ ਫ਼ਿਰੋਜ਼ਪੁਰ, ਕੋਚ ਮਲਕੀਤ ਸਿੰਘ ਸੰਗਰੂਰ, ਕੋਚ ਹਰਮੀਤ ਸਿੰਘ ਜਰਖੜ ਅਕੈਡਮੀ, ਗੁਰ ਸਤਿੰਦਰ ਸਿੰਘ ਪ੍ਰਗਟ, ਕੁਲਦੀਪ ਸਿੰਘ ਘਵੱਦੀ, ਗੁਰਤੇਜ ਸਿੰਘ ਲਾਡੀ ਸੁਧਾਰ, ਬੂਟਾ ਸਿੰਘ ਸਿੱਧੂ ਦੋਰਾਹਾ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ, ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਚਾਹਲ ਡੰਗੋਰਾ, ਰਘਵੀਰ ਸਿੰਘ ਡੰਗੋਰਾ ਸਮੇਤ ਪ੍ਰਬੰਧਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੇ ਅਗਲੇ ਗੇੜ ਦੇ ਸੈਮੀ ਫਾਈਨਲ ਮੁਕਾਬਲੇ 30 ਮਈ ਦਿਨ ਸਨਿਚਰਵਾਰ ਨੂੰ ਹੋਣਗੇ, ਜਿਸ ਵਿਚ ਸੀਨੀਅਰ ਵਰਗ ਵਿਚ ਪਹਿਲਾ ਮੁਕਾਬਲਾ ਜਰਖੜ ਅਕੈਡਮੀ ਬਨਾਮ ਨੀਟਾ ਕਲੱਬ ਰਾਮਪੁਰ ਵਿਚਕਾਰ ਸ਼ਾਮ 7 ਵਜੇ ਅਤੇ ਦੂਸਰਾ ਮੁਕਾਬਲਾ ਗਿੱਲ ਕਲੱਬ ਘਵੱਦੀ ਅਤੇ ਅਮਰਗੜ੍ਹ ਹਾਕੀ ਸੈਂਟਰ ਦੇ ਵਿਚਕਾਰ ਰਾਤ 8 ਵਜੇ ਖੇਡਿਆ ਜਾਵੇਗਾ | ਜੂਨੀਅਰ ਵਰਗ ਦਾ ਪਹਿਲਾ ਮੁਕਾਬਲਾ ਕਿਲ੍ਹਾ ਰਾਏਪੁਰ ਬਨਾਮ ਜਰਖੜ ਹਾਕੀ ਅਕੈਡਮੀ ਵਿਚਕਾਰ 5 ਵਜੇ ਸ਼ਾਮ ਅਤੇ ਦੂਸਰਾ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਬਨਾਮ ਐੱਚ. ਟੀ. ਸੀ. ਸੈਂਟਰ ਰਾਮਪੁਰ ਵਿਚਕਾਰ ਸ਼ਾਮ 6 ਵਜੇ ਖੇਡਿਆ ਜਾਵੇਗਾ |