ਬੀਜਾ, 29 ਮਈ (ਕਸ਼ਮੀਰਾ ਸਿੰਘ ਬਗ਼ਲੀ)-ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੰਜੀ ਸਾਹਿਬ ਕੋਟਾਂ ਵਿਖੇ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਸ਼ਰਧਾ ਅਤੇ ਸਤਿਕਾਰ ਨਾਲ ਸੇਵਾ ਨਿਭਾਈ | ਇਸੇ ਦਿਨ ਸਕੂਲ ਵਿੱਚ ਹੋਏ ਫਾਰਮੇਟਿਵ ਅਸੈਸਮੈਂਟ ਪੇਪਰਾਂ ਦੇ ਨਤੀਜਿਆਂ ਸਬੰਧੀ ਮਾਤਾ-ਪਿਤਾ ਅਧਿਆਪਕ ਮਿਲਣੀ (ਪੀ. ਟੀ. ਐਮ.) ਦਾ ਆਯੋਜਨ ਵੀ ਕੀਤਾ ਗਿਆ | ਅਧਿਆਪਕਾਂ ਵੱਲੋਂ ਮਾਪਿਆਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ, ਅਕਾਦਮਿਕ ਪ੍ਰਗਤੀ, ਅਨੁਸ਼ਾਸਨ ਅਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਸਕੂਲ ਪਿ੍ੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਰਵਪੱਖੀ ਤਰੱਕੀ ਲਈ ਸਕੂਲ ਅਤੇ ਮਾਪਿਆਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਮਾਤਾ-ਪਿਤਾ ਅਧਿਆਪਕ ਮਿਲਣੀਆਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਸਕੂਲ ਵਲੋਂ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ |