ਸਾਹਨੇਵਾਲ, 29 ਮਈ (ਹਨੀ ਚਾਠਲੀ)-ਕੇਂਦਰ ਦੀ ਭਾਜਪਾ ਸਰਕਾਰ ਜਦੋਂ ਦੀ ਸੱਤਾ 'ਚ ਆਈ ਹੈ, ਉਦੋਂ ਤੋਂ ਹੀ ਕੇਂਦਰ ਸਰਕਾਰ ਵਲੋਂ ਮਹਿੰਗਾਈ ਵਿਚ ਬੇਸ਼ੁਮਾਰ ਵਾਧਾ ਕਰ ਕੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਕੇਂਦਰ ਸਰਕਾਰ ਜਨਤਾ ਦੀ ਜੇਬ 'ਤੇ ਡਾਕਾ ਮਾਰ ਰਹੀ ਹੈ | ਇਹ ਪ੍ਰਗਟਾਵਾ ਨਗਰ ਕੌਂਸਲ ਸਾਹਨੇਵਾਲ ਦੇ ਅਧੀਨ ਆਉਂਦੇ ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਕੌਂਸਲਰ ਅਵਤਾਰ ਸਿੰਘ ਚਹਿਲ ਅਤੇ ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਦੇ ਕੌਂਸਲਰ ਸ਼ਮਸ਼ੇਰ ਸਿੰਘ ਸ਼ੇਰੀ ਨੇ ਗੱਲਬਾਤ ਕਰਦਿਆਂ ਕੀਤਾ | ਕੌਂਸਲਰ ਚਹਿਲ ਅਤੇ ਕੌਂਸਲਰ ਸ਼ੇਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਇਕ ਮਹੀਨੇ 'ਚ ਚੌਥੀ ਵਾਰ ਪੈਟਰੋਲ ਡੀਜਲਾਂ ਦੇ ਭਾਅ 'ਚ ਬੇਸ਼ੁਮਾਰ ਵਾਧਾ ਕਰ ਕੇ ਗ਼ਰੀਬ ਜਨਤਾ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੇਂਦਰ ਵਿਚ ਸਵ. ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਸੀ, ਉਸ ਵੇਲੇ ਸਿਲੰਡਰ ਦਾ ਭਾਅ 400 ਰੁਪਏ ਹੋਣ ਕਰ ਕੇ ਭਾਜਪਾ ਦੇ ਲੋਕਾਂ ਵਲੋਂ ਬਹੁਤ ਰੌਲਾ ਪਾਇਆ ਗਿਆ ਸੀ ਕਿ ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ ਤਾਂ ਭਾਜਪਾ ਦੇ ਲੀਡਰਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ ਤੇ ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ 400 ਰੁਪਏ ਤੋਂ ਵਧਾ ਕੇ ਗੈਸ ਸਿਲੰਡਰ ਦੀ ਕੀਮਤ ਲਗਭਗ 1000 ਤੱਕ ਪਹੁੰਚਾ ਦਿੱਤੀ ਹੈ | ਇਸੇ ਤਰ੍ਹਾਂ ਜਿਹੜਾ ਪੈਟਰੋਲ ਸਵ. ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ 66 ਰੁਪਏ ਪ੍ਰਤੀ ਲੀਟਰ ਹੁੰਦਾ ਸੀ | ਅੱਜ ਪੈਟਰੋਲ ਦੀ ਕੀਮਤ 100 ਰੁਪਏ ਤੋਂ ਵੀ ਪਾਰ ਹੋ ਚੁੱਕੀ ਹੈ | ਕੌਂਸਲਰ ਚਹਿਲ ਤੇ ਕੌਂਸਲਰ ਸ਼ੇਰੀ ਨੇ ਕਿਹਾ ਕਿ ਜੇਕਰ ਜਲਦ ਹੀ ਪੈਟਰੋਲ ਡੀਜਲਾਂ ਦੇ ਭਾਅ 'ਚ ਕਮੀ ਨਾ ਕੀਤੀ ਗਈ ਤਾਂ ਕਾਂਗਰਸ ਵਲੋਂ ਸੰਘਰਸ਼ ਨੂੰ ਤੇਜ ਕਰ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਦੀ ਮੋਦੀ ਸਰਕਾਰ ਦੀ ਹੋਵੇਗੀ |