ਪਾਇਲ, 31 ਮਈ (ਨਿਜ਼ਾਮਪੁਰ-ਰਜਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਪਾਇਲ ‘ਚ ਆਪ ਦੇ ਯੂਥ ਆਗੂ ਸੁੱਖਪ੍ਰੀਤ ਸਿੰਘ ਸੋਹੀ ਨੇ ਵਾਰਡ ਨੰਬਰ 8 ਵਿਚੋਂ ਰਿਕਾਰਡ ਤੋੜ 130 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਜਿੱਤ ਉਪਰੰਤ ਸੁੱਖਪ੍ਰੀਤ ਸਿੰਘ ਸੋਹੀ ਵੱਲੋਂ ਸਥਾਨਕ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਅਰਦਾਸ ਕੀਤੀ ਗਈ। ਗੁਰੂ ਘਰ ਦੇ ਹੈੱਡ ਗ੍ਰੰਥੀ ਵੱਲੋਂ ਜੇਤੂ ਸੁਖਪ੍ਰੀਤ ਸਿੰਘ ਸੋਹੀ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰਪਾਉ ਸਾਹਿਬ ਭੇਟ ਕੀਤਾ ਗਿਆ ਤੇ ਵਧਾਈ ਦਿੱਤੀ ਗਈ। ਗੁਰੂ ਘਰ ਮੱਥਾ ਟੇਕਣ ਉਪਰੰਤ ਸੁਖਪ੍ਰੀਤ ਸਿੰਘ ਸੋਹੀ ਵੱਲੋਂ ਆਪਣੇ ਵਾਰਡ ਦੇ ਵੋਟਰਾਂ ਦਾ ਘਰ ਘਰ ਜਾ ਕੇ ਧੰਨਵਾਦ ਕੀਤਾ ਗਿਆ, ਜਿੱਥੇ ਵਾਰਡ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ਹਿਰ ਤੇ ਵਾਰਡ ਦੇ ਲੋਕਾਂ ਵਲੋ ਮਿਲੇ ਪਿਆਰ ਸਤਿਕਾਰ ਸਦਕਾ ਹੀ ਸੋਹੀ ਪਰਿਵਾਰ ਲਗਾਤਾਰ ਦੂਜੀ ਵਾਰ ਕੌਂਸਲਰ ਬਣ ਕੇ ਇਹ ਮਾਣ ਹਾਸਿਲ ਕੀਤਾ। ਸੁਖਪ੍ਰੀਤ ਸਿੰਘ ਸੋਹੀ ਵੱਲੋਂ 130 ਵੋਟਾਂ ਨਾਲ ਵੱਡੀ ਲੀਡ ਹਾਸਿਲ ਕਰਨਾ ਉਨ੍ਹਾਂ ਦੀ ਸਾਦਗੀ ਤੇ ਮਿਠਾਸ ਭਰੀ ਬੋਲੀ ਨੂੰ ਵੀ ਮੰਨਿਆ ਜਾ ਰਿਹਾ ਹੈ। ਇਸ ਜਿੱਤ ਨਾਲ ਸੁੱਖਪ੍ਰੀਤ ਸਿੰਘ ਸੋਹੀ ਦੇ ਸਿਆਸੀ ਕੱਦ ਵਿੱਚ ਵਾਧਾ ਹੋਇਆ ਹੈ। ਪਾਇਲ ਨਗਰ ਕੌਂਸਲ ਚੋਣਾਂ ‘ਚ ਕਿਸੇ ਵੀ ਸਿਆਸੀ ਪਾਰਟੀ ਨੂੰ ਸਪਸ਼ਟ ਬਹੁਤ ਨਾ ਮਿਲਣ ਕਾਰਨ ਆਮ ਆਦਮੀ ਪਾਰਟੀ ਵੱਲੋਂ ਵੀ ਆਪਣਾ ਪ੍ਰਧਾਨ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਅਗਰ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆਪਣਾ ਪ੍ਰਧਾਨ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਉਨ੍ਹਾਂ ਤਾਂ ਉਨ੍ਹਾਂ ਵਿਚੋਂ ਇੱਕ ਨਾਮ ਸੁਖਪ੍ਰੀਤ ਸਿੰਘ ਸੋਹੀ ਵੀ ਹੋ ਸਕਦੇ ਹਨ। ਇਸ ਮੌਕੇ ਸੁਖਪ੍ਰੀਤ ਸਿੰਘ ਸੋਹੀ ਨੇ ਚੋਣਾਂ ਵਿੱਚ ਸਾਥ ਦੇਣ ਵਾਲੇ ਸਾਰੇ ਵੋਟਰਾਂ ਅਤੇ ਸਪੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਲੋਕਾਂ ਦੇ ਮਾਣ-ਸਨਮਾਨ ਅਤੇ ਪਿਆਰ ਸਦਕਾ ਹੀ ਉਹ ਲਗਾਤਾਰ ਦੂਜੀ ਵਾਰ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਭਰੋਸੇ ਅਤੇ ਉਮੀਦਾਂ ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰਨਗੇ ਅਤੇ ਆਪਣੇ ਵਾਰਡ ਵਿਕਾਸ ਅਤੇ ਸ਼ਹਿਰ ਦੇ ਲੋਕਾਂ ਦਾ ਕੰਮ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਨਗੇ। ਸੁਖਪ੍ਰੀਤ ਸਿੰਘ ਸੋਹੀ ਵੱਲੋਂ ਸਮੂਹ ਵੋਟਰਾਂ, ਸਪੋਟਰਾਂ, ਦੋਸਤਾਂ ਅਤੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਵਾਇਆ ਕਿ ਉਹ ਹਮੇਸ਼ਾ ਲੋਕ ਸੇਵਾ ਨੂੰ ਪਹਿਲ ਦੇਣਗੇ ਅਤੇ ਉਨਾਂ ਲੋਕਾਂ ਦਾ ਹਮੇਸ਼ਾ ਰਿਣੀ ਰਹਿਣਗੇ ਜਿਨ੍ਹਾਂ ਨੇ ਉਨ੍ਹਾਂ ਦੀ ਚੋਣ ਜਿੱਤਣ ਵਿੱਚ ਮਦਦ ਕੀਤੀ ਹੈ।