ਸਿੱਧਵਾਂ ਬੇਟ, 31 ਮਈ (ਜਸਵੰਤ ਸਿੰਘ ਸਲੇਮਪੁਰੀ)-ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਬਦਲਾਅ ਵਾਲੀ ਮਾਨ ਸਰਕਾਰ ‘ਤੇ ਨਿਸ਼ਾਨੇ ਸਾਧਦੇ ਹੋਏ ਆਖਿਆ ਕਿ ਸਰਕਾਰ ਚੋਰ ਮੋਰੀਆਂ ਅਤੇ ਆਪਣੀ ਅਫ਼ਸਰਸ਼ਾਹੀ ਰਾਹੀਂ ਸਾਡੇ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਹਿਲਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ ਪਰ ਇਸ ਵਿੱਚ ਉਹ ਕਾਮਯਾਬ ਨਹੀਂ ਹੋ ਸਕਦੀ | ਉਨ੍ਹਾਂ ਆਖਿਆ ਕਿ ਜਿੱਥੇ ਸਰਕਾਰ ਆਪਣੇ ਕੁਝ ਚਹੇਤੇ ਚੈਨਲਾਂ ਰਾਹੀਂ ਵਾਹ-ਵਾਹ ਖੱਟ ਰਹੀ ਹੈ, ਉੱਥੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਜਾਂ ਫਿਰ ਅਫ਼ਸਰਸ਼ਾਹੀ ਦੀਆਂ ਮਨਮਰਜੀਆਂ ਨੂੰ ਉਜਾਗਰ ਕਰਨ ਵਾਲੇ ਮੀਡੀਏ ‘ਤੇ ਸ਼ਿਕੰਜਾ ਕੱਸ ਕੇ ਉਨਾਂ ਦਾ ਮਨੋਬਲ ਡੇਗਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਕੋਟਉਮਰਾ ਨੇ ਆਖਿਆ ਕਿ ਮਾਨ ਸਰਕਾਰ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਉਨ੍ਹਾਂ ਦੇ ਰਾਜ ਵਿਚ ਅਜਿਹਾ ਬਹੁਤ ਘੱਟ ਵੇਖਣ ਨੂੰ ਮਿਲਦਾ ਸੀ, ਪਰ ਮਾਨ ਸਰਕਾਰ ਨੇ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ | ਜੋ ਵੀ ਮੀਡੀਆ ਸਰਕਾਰ ਅਤੇ ਸਰਕਾਰ ਦੇ ਮਨਮਰਜੀ ਕਰਨ ਵਾਲੇ ਅਧਿਕਾਰੀਆਂ ਬਾਰੇ ਗੱਲ ਕਰਦਾ ਹੈ ਤਾਂ ਉਸ ਨੂੰ ਪੁਲਿਸ ਪ੍ਰਸ਼ਾਸਨ ਰਾਹੀਂ ਡਰਾਇਆ ਅਤੇ ਧਮਕਾਇਆ ਜਾਂਦਾ ਹੈ | ਉਨ੍ਹਾਂ ਮਾਨ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਫੇਲ੍ਹ ਸਰਕਾਰ ਦੱਸਦੇ ਹੋਏ ਆਖਿਆ ਕਿ ਇਹ ਸਰਕਾਰ ਵੀ ਇੱਕ ਤਰਾਂ ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਰਾਹ ਤੁਰ ਕੇ ਸੂਬੇ ਦੀ ਕਿਰਸਾਨੀ ਦਾ ਜੋ ਨੁਕਸਾਨ ਕਰ ਰਹੀ ਹੈ ਉਹ ਅਤੀ ਨਿੰਦਣਯੋਗ ਹੈ, ਪਰ ਸਰਕਾਰ ਕਿਸਾਨ ਜਥੇਬੰਦੀਆਂ ਦੇ ਹੌਂਸਲੇ ਨੂੰ ਵੀ ਪਸਤ ਨਹੀਂ ਕਰ ਸਕਦੀ |